ਦੇਵਿੰਦਰ ਸਿੰਘ ਜੱਗੀ
ਪਾਇਲ, 20 ਮਈ
ਗੁਰਦੁਆਰਾ ਸ੍ਰੀ ਹਰਗੋਬਿੰਦਪੁਰਾ ਸਾਹਿਬ ਜਰਗ ਵਿਖੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਪੁੱਜਣ ’ਤੇ ਪਿੰਡ ਵਾਸੀਆਂ ਵੱਲੋਂ ਜੀ ਆਇਆਂ ਕਿਹਾ ਗਿਆ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਪਿੰਡ ਜਰਗ ਵਿਖੇ 2018 ਤੋਂ ਬੰਦ ਸੇਵਾ ਕੇਂਦਰ ਨੂੰ ਮੁੜ ਚਾਲੂ ਕਰਵਾਉਣ, ਖਸਤਾ ਹਾਲਤ ਹੋ ਚੁੱਕੇ ਗਰੀਬ ਵਰਗ ਦੇ ਘਰਾਂ ਦੀ ਉਸਾਰੀ ਲਈ ਵਿਸ਼ੇਸ਼ ਗਰਾਂਟ, ਜੌੜੇਪੁਲ ਤੋਂ ਪਾਇਲ ਨੂੰ ਜਾਂਦੀਆਂ ਸਰਕਾਰੀ ਬੱਸਾਂ ਦੇ ਬੰਦ ਰੂਟਾਂ ਨੂੰ ਮੁੜ ਚਾਲੂ ਚਲਾਉਣ, ਸਵੇਰੇ 7.55 ਤੋਂ 10.30 ਤੱਕ ਖੰਨੇ ਨੂੰ ਜਾਣ ਵਾਲੀਆਂ ਸਰਕਾਰੀ ਬੱਸਾਂ ਚਲਾਉਣ, ਸਰਕਾਰੀ ਉੱਪ ਸਿਹਤ ਕੇਂਦਰ ਜਰਗ ਵਿਖੇ ਪੱਕੇ ਤੌਰ ’ਤੇ 24 ਘੰਟੇ ਲਈ ਡਾਕਟਰ ਨਿਯੁਕਤ ਕਰਨ, ਆਰਥਿਕ ਪੱਖੋਂ ਗਰੀਬ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਅਪਨਾਉਣ ਲਈ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਤੇ ਵਿੱਤ ਕਾਰਪੋਰੇਸ਼ਨ ਚੰਡੀਗੜ੍ਹ’ ਦਫ਼ਤਰ ਲੁਧਿਆਣਾ ਰਾਹੀਂ ਕਰਜ਼ਾ ਵਿਧੀ ਸੌਖੀ ਬਣਾਉਣ ਅਤੇ ਅਨੁਸੂਚਿਤ ਜਾਤੀਆਂ ਦੇ ਰੁਕੇ ਹੋਏ ਵਜੀਫ਼ੇ ਖਾਤਿਆਂ ਵਿੱਚ ਪਾਉਣ ਸਬੰਧੀ ਮੰਗ ਪੱਤਰ ਦਿੱਤਾ ਗਿਆ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਨਗੇ। ਇਸ ਮੌਕੇ ਮਨਜੀਤ ਸਿੰਘ, ਅਵਿਨਾਸ਼ਪ੍ਰੀਤ ਸਿੰਘ ਜੱਲ੍ਹਾ, ਪ੍ਰਗਟ ਸਿੰਘ ਸਿਆੜ, ਕਰਨ ਸਿਹੌੜਾ, ਸਰਬਜੀਤ ਸਿੰਘ ਮੰਡੇਰ ਸਾਬਕਾ ਪੰਚ, ਸ਼ਾਹਨਿਵਾਜ਼ ਖਾਂ ਬਿੱਲੀ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ।