ਖੰਨਾ (ਜੋਗਿੰਦਰ ਸਿੰਘ ਓਬਰਾਏ): ਏਸ਼ੀਆ ਦੀ ਵੱਡੀ ਮੰਡੀ ਖੰਨਾ ਵਿੱਚ ਅੱਜ ਦੁਪਹਿਰ ਤੱਕ 9.15.234 ਕੁਇੰਟਲ ਝੋਨੇ ਦੀ ਖ਼ਰੀਦ ਹੋ ਚੁੱਕੀ ਹੈ। ਇਸ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਐੱਸਐੱਸ. ਚੀਮਾ ਨੇ ਦੱਸਿਆ ਕਿ ਖਰੀਦੇ ਝੋਨੇ ਦੀ ਲਿਫਟਿੰਗ ਵੀ 88 ਫ਼ੀਸਦ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਵਰ੍ਹੇ ਇਸ ਮੰਡੀ ਵਿਚ ਕੁੱਲ 24.48.216 ਕੁਇੰਟਲ ਝੋਨਾ ਪੁੱਜਿਆ ਸੀ ਅਤੇ ਇਸ ਵਾਰ 25 ਲੱਖ ਕੁਇੰਟਲ ਤੋਂ ਵਧੇਰੇ ਝੋਨਾ ਪੁੱਜਣ ਦੀ ਆਸ ਹੈ। ਇਸ ਦੇ ਨਾਲ-ਨਾਲ ਬਾਸਮਤੀ ਕਿਸਮ ਦੇ ਝੋਨੇ ਦੀ ਆਮਦ ਵੀ ਜਾਰੀ ਹੈ ਅਤੇ ਹੁਣ ਤੱਕ 35.541 ਕੁਇੰਟਲ ਬਾਸਮਤੀ ਝੋਨੇ ਦੀ ਖਰੀਦ ਹੋ ਚੁੱਕੀ ਹੈ। ਇਸ ਦੌਰਾਨ ਮਾਰਕੀਟ ਕਮੇਟੀ ਦੇ ਚੈਅਰਮੈਨ ਗੁਰਦੀਪ ਸਿੰਘ ਰਸੂਲੜਾ ਨੇ ਦੱਸਿਆ ਕਿ ਸਰਕਾਰੀ ਖਰੀਦ ਏਜੰਸੀਆਂ ਪਨਗ੍ਰੇਨ ਨੇ 4.57.095 ਕੁਇੰਟਲ, ਮਾਰਕਫ਼ੈੱਡ ਨੇ 1.88.600 ਕੁਇੰਟਲ, ਪਨਸਪ ਨੇ 1.53.392 ਕੁਇੰਟਲ, ਵੇਅਰ ਹਾਊਸ ਕਾਰਪੋਰੇਸ਼ਨ ਨੇ 1.14.006 ਕੁਇੰਟਲ, ਐੱਫਸੀਆਈ ਨੇ 2118 ਕੁਇੰਟਲ ਅਤੇ ਪ੍ਰਾਈਵੇਟ ਅਦਾਰਿਆਂ ਨੇ 23 ਕੁਇੰਟਲ ਝੋਨੇ ਦੀ ਖਰੀਦ ਕੀਤੀ। ਉਨ੍ਹਾਂ ਦੱਸਿਆ ਕਿ ਮੌਸਮ ਠੀਕ ਹੋਣ ਕਾਰਨ ਜਿੱਥੇ ਝੋਨੇ ਦੀ ਖਰੀਦ ਨਾਲੋਂ ਨਾਲ ਹੋ ਰਹੀ ਹੈ, ਉੱਥੇ ਲਿਫਟਿੰਗ ਵੀ ਨਾਲੋਂ ਨਾਲ ਹੋਣ ਕਾਰਨ ਮੰਡੀ ਵਿਚ ਆ ਰਹੀ ਫਸਲ ਢੇਰੀ ਕਰਨ ਲਈ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆ ਰਹੀ।
ਖੰਨਾ ਮੰਡੀ ’ਚ ਖਰੀਦੇ ਝੋਨੇ ਦੀ ਹੋ ਰਹੀ ਲਿਫਟਿੰਗ।-ਫੋਟੋ : ਓਬਰਾਏ