ਸੰਤੋਖ ਗਿੱਲ
ਰਾਏਕੋਟ, 20 ਅਗਸਤ
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਕੌਮੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਗੁਰਦੁਆਰਾ ਟਾਹਲੀਆਣਾ ਸਾਹਿਬ ਵਿੱਚ ਜਥੇਬੰਦੀ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਣੀਆਂ ਦੀ ਵੰਡ ਦੇ ਮਾਮਲੇ ਵਿੱਚ ਪੰਜਾਬ ਨੂੰ ਹਮੇਸ਼ਾ ਅੱਖੋਂ-ਪਰੋਖੇ ਕਰ ਕੇ ਕੇਂਦਰ ਵੱਲੋਂ ਅਨਿਆਂ ਹੁੰਦਾ ਆਇਆ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਪਾਣੀਆਂ ਦੇ ਮੁੱਦੇ ’ਤੇ ਹੋਰਨਾਂ ਜਥੇਬੰਦੀਆਂ ਨਾਲ ਮਿਲ ਕੇ ਬਹੁਤ ਵੱਡਾ ਅੰਦੋਲਨ ਵਿੱਢਿਆ ਜਾ ਚੁੱਕਾ ਹੈ, ਇਸ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ, ਸਾਰੇ ਭਾਈਚਾਰਿਆਂ ਨੂੰ ਜਾਗਰੂਕ ਕਰਨ ਲਈ ਪੰਜਾਬ ਭਰ ‘ਚ ਕਾਨਫ਼ਰੰਸਾਂ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ। ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਸਾਨ ਆਗੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਦੇਸ਼ ਦੇ ਹੋਰ ਸੂਬਿਆਂ ਦੇ ਕੁਦਰਤੀ ਸੋਮਿਆਂ ਉੱਪਰ ਉਨ੍ਹਾਂ ਰਾਜਾਂ ਦਾ ਹੱਕ ਹੈ ਅਤੇ ਉਹ ਆਪਣੇ ਸਰੋਤ ਦੂਜੇ ਰਾਜਾਂ ਨੂੰ ਮੁੱਲ ਵੇਚ ਰਹੇ ਹਨ।
ਉਨ੍ਹਾਂ ਕਿਹਾ ਕਿ ਰਾਜਸਥਾਨ ਦਾ ਪੱਥਰ, ਬਿਹਾਰ, ਝਾਰਖੰਡ ਦਾ ਕੋਇਲਾ ਅਤੇ ਛੱਤੀਸਗੜ੍ਹ ਦਾ ਲੋਹਾ ਉਨ੍ਹਾਂ ਸੂਬਿਆਂ ਕੋਲ ਕੁਦਰਤੀ ਦਾਤ ਹੈ ਅਤੇ ਉਹ ਦੂਸਰੇ ਸੂਬਿਆਂ ਨੂੰ ਮੁੱਲ ਵੇਚਿਆ ਜਾਂਦਾ ਹੈ। ਇਸੇ ਤਰ੍ਹਾਂ ਪੰਜਾਬ ਦਾ ਕੁਦਰਤੀ ਸਰੋਤ ਪਾਣੀ ਹੈ ਅਤੇ ਪੰਜਾਬ ਪਾਣੀਆਂ ਦੇ ਨਾਂ ਨਾਲ ਹੀ ਜਾਣਿਆਂ ਜਾਂਦਾ ਹੈ। ਪਰ ਪੰਜਾਬ ਦੀ ਅਮੁੱਲੀ ਵਸਤੂ ਪਾਣੀ ਨੂੰ ਸਿਆਸੀ ਆਗੂਆਂ ਵੱਲੋਂ ਆਪਣੀ ਸਿਆਸੀ ਭੁੱਖ ਦਾ ਸ਼ਿਕਾਰ ਬਣਾ ਕੇ ਦੂਜੇ ਸੂਬਿਆਂ ਨੂੰ ਮੁਫ਼ਤ ਵਿੱਚ ਦਿੱਤਾ ਜਾ ਰਿਹਾ ਹੈ।