ਖੇਤਰੀ ਪ੍ਰਤੀਨਿਧ
ਲੁਧਿਆਣਾ, 31 ਮਾਰਚ
71ਵੀਂ ਸੀਨੀਅਰ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਪੰਜਾਬ ਦੀਆਂ ਲੜਕੇ ਤੇ ਲੜਕੀਆਂ ਦੀਆਂ ਟੀਮਾਂ ਨੂੰ ਬੁੱਧਵਾਰ ਦੇਰ ਸ਼ਾਮ ਲੁਧਿਆਣਾ ਤੋਂ ਰਵਾਨਾ ਕੀਤਾ ਗਿਆ। ਚੇਨੱਈ ਵਿੱਚ 3 ਤੋਂ 10 ਅਪਰੈਲ ਤੱਕ ਹੋਣ ਵਾਲੀ ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਲੜਕਿਆਂ ਦੀ ਟੀਮ ਦੀ ਅਗਵਾਈ ਅੰਮ੍ਰਿਤਪਾਲ ਸਿੰਘ ਜਦਕਿ ਲੜਕੀਆਂ ਦੀ ਟੀਮ ਦੀ ਅਗਵਾਈ ਕੋਮਲਪ੍ਰੀਤ ਕੌਰ ਕਰ ਰਹੀ ਹੈ। ਦੋਹਾਂ ਟੀਮਾਂ ਨੂੰ ਚੈਂਪੀਅਨਸ਼ਿਪ ਲਈ ਰਵਾਨਾ ਕਰਨ ਤੋਂ ਪਹਿਲਾਂ ਸਥਾਨਕ ਗੁਰੂ ਨਾਨਕ ਸਟੇਡੀਅਮ ਵਿੱਚ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਨੁਮਾਇਦੇ ਤੇ ਜ਼ਿਲ੍ਹਾ ਬਾਸਕਟਬਾਲ ਐਸੋਸੀਏਸ਼ਨ ਦੇ ਪ੍ਰਤੀਨਿਧ ਤੇ ਮਾਪੇ ਸ਼ਾਮਲ ਹੋਏ। ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ, ਸਾਬਕਾ ਕੌਮਾਂਤਰੀ ਖਿਡਾਰੀ ਤੇ ਐੱਸ.ਪੀ. ਲੁਧਿਆਣਾ ਪਰਮਿੰਦਰ ਸਿੰਘ ਹੀਰ ਨੇ ਖਿਡਾਰੀਆਂ ਨੂੰ ਜਿੱਤ ਲਈ ਟੀਮ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ।
ਟੀਮਾਂ ਇਸ ਤਰ੍ਹਾਂ ਹਨ:-
ਲੜਕਿਆਂ ਦੀ ਟੀਮ: ਅੰਮ੍ਰਿਤਪਾਲ ਸਿੰਘ, ਅਮਜਯੋਤ ਸਿੰਘ, ਤਜਿੰਦਰਪਾਲ ਸਿੰਘ, ਸੁਖਦੀਪ ਪਾਲ ਸਿੰਘ, ਗੁਰਵਿੰਦਰ ਸਿੰਘ, ਤਰੁਨਪ੍ਰੀਤ ਸਿੰਘ, ਗੁਰਬਾਜ਼ ਸਿੰਘ, ਅਰਵਿੰਦਰ ਸਿੰਘ, ਨਵਕਰਮਨ ਸਿੰਘ, ਆਕਾਸ਼ ਸ਼ਰਮਾ, ਮਨਜੋਤ ਸਿੰਘ ਅਤੇ ਪ੍ਰਿੰਸੀਪਲ ਸਿੰਘ ਆਦਿ ਸ਼ਾਮਲ ਹਨ। ਰਾਜਿੰਦਰ ਸਿੰਘ ਤੇ ਦਵਿੰਦਰ ਸਿੰਘ ਕ੍ਰਮਵਾਰ ਟੀਮ ਦੇ ਕੋਚ ਅਤੇ ਮੈਨੇਜਰ ਵਜੋਂ ਸ਼ਮੂਲੀਅਤ ਕਰਨਗੇ।
ਲੜਕੀਆਂ ਦੀ ਟੀਮ: ਕੋਮਲਪ੍ਰੀਤ ਕੌਰ ਤੋਂ ਇਲਾਵਾ ਰਿਤਿਕਾ, ਕਾਵਿਆ, ਰਾਧਾ ਰਾਣੀ, ਸਪਨਾ, ਦਮਨਪ੍ਰੀਤ ਕੌਰ, ਕਨਿਸ਼ਕਾ, ਸ਼ਬਨਮ, ਮਨਪ੍ਰੀਤ, ਕਰਨਵੀਰ, ਭਵਿਕਾ, ਅਵਲੀਨ ਅਤੇ ਸਾਲੋਨੀ ਆਦਿ ਸ਼ਾਮਲ ਹਨ। ਟੀਮ ਦੇ ਨਾਲ ਰਵਿੰਦਰ ਗਿੱਲ ਅਤੇ ਨਰਿੰਦਰ ਕੁਮਾਰ ਕ੍ਰਮਵਾਰ ਕੋਚਾਂ ਵਜੋਂ ਸ਼ਾਮਲ ਹਨ।