ਨਿੱਜੀ ਪੱਤਰ ਪ੍ਰੇਰਕ
ਖੰਨਾ, 1 ਜੁਲਾਈ
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਮੈਬਰਾਂ ਦੀ ਇਕੱਤਰਤਾ ਇੱਥੋਂ ਦੇ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿੱਚ ਬਲਬੀਰ ਸਿੰਘ ਰਾਜੇਵਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਸਰਬ ਸੰਮਤੀ ਨਾਲ ਮਤਾ ਪਾਸ ਕਰ ਕੇ ਫ਼ੈਸਲਾ ਕੀਤਾ ਗਿਆ ਕਿ 10 ਤੋਂ 31 ਜੁਲਾਈ ਤੱਕ ‘ਰੁੱਖ ਲਗਾਓ ਵਾਤਾਵਰਨ ਬਚਾਓ’ ਮੁਹਿੰਮ ਤਹਿਤ ਟਿਊਬਵੈੱਲਾਂ ਅਤੇ ਹੋਰਨਾਂ ਲੋੜੀਂਦੀਆਂ ਥਾਵਾਂ ’ਤੇ ਪੌਦੇ ਲਾਉਣ ਅਤੇ ਉਨ੍ਹਾਂ ਦਾ ਪਾਲਣ-ਪੋਸ਼ਣ ਕਰਨਾ ਯਕੀਨੀ ਬਣਾਇਆ ਜਾਵੇਗਾ। ਇਕ ਮਤੇ ਰਾਹੀਂ ਪੰਜਾਬ ਸਰਕਾਰ ਵੱਲੋਂ ਮੂੰਗੀ ਦੀ ਐਮਐਸਪੀ ’ਤੇ ਖ਼ਰੀਦ ਤੋਂ ਭੱਜਣ ਨਿਖੇਧੀ ਕੀਤੀ ਗਈ।
ਇਸ ਦੇ ਨਾਲ ਹੀ ਪੰਜਾਬ ਦੇ ਪਾਣੀਆਂ ਸਬੰਧੀ ਪੰਜਾਬ ਤੇ ਕੇਂਦਰ ਸਰਕਾਰ ਨੂੰ ਇਕ ਮਹੀਨੇ ਦਾ ਨੋਟਿਸ ਦੇਣ ਲਈ ਪੰਜ ਅਗਸਤ ਨੂੰ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਅੱਗੇ ਕਾਨਫਰੰਸ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜ਼ਿਲ੍ਹਾ ਪੱਧਰੀ ਆਗੂਆਂ ਰਾਹੀਂ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰ ਕੇ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਆ ਜਾਵੇਗਾ।
ਇਸ ਦੌਰਾਨ ਇਕ ਮਤੇ ਰਾਹੀਂ ਸਰਕਾਰ ਵੱਲੋਂ ਮੱਤੇਵਾੜਾ ਦੇ ਜੰਗਲ ਵਿਚ ਸਨਅਤ ਲਾਉਣ ਦਾ ਵਿਰੋਧ ਕਰਦਿਆਂ ਕਿਹਾ ਕਿ ਗਿਆ ਇਸ ਨਾਲ ਦਰਿਆਵਾਂ ਦਾ ਪਾਣੀ ਹੋਰ ਗੰਧਲਾ ਹੋ ਜਾਵੇਗਾ। ਆਗੂਆਂ ਨੇ ਕਿਹਾ ਕਿ ਪਹਿਲਾਂ ਹੀ ਪੰਜਾਬ ਦੇ ਪਾਣੀ ਪੀਣਯੋਗ ਨਹੀਂ ਰਿਹਾ। ਜੇ ਅਜਿਹਾ ਹੋ ਗਿਆ ਤਾਂ ਸਨਅਤਾਂ ਬਚੇ ਹੋਏ ਪੰਜਾਬ ਦੇ ਪਾਣੀ ਵਿੱਚ ਜ਼ਹਿਰਾਂ ਘੋਲ ਦੇਣਗੀਆਂ। ਇਸ ਦੌਰਾਨ ਪਰਮਿੰਦਰ ਸਿੰਘ ਚਲਾਕੀ ਨੂੰ ਮੁਹਾਲੀ ਅਤੇ ਗੁਰਪ੍ਰੀਤ ਸਿੰਘ ਨੂੰ ਮੁਹਾਲੀ ਜ਼ਿਲ੍ਹੇ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।