ਪੱਤਰ ਪ੍ਰੇਰਕ
ਰਾਏਕੋਟ, 18 ਅਗਸਤ
ਨੇੜਲੇ ਪਿੰਡ ਜਲਾਲਦੀਵਾਲ ਦੀ ਗਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਗੈਸ ਸਿਲੰਡਰਾਂ ’ਚ ਗੈਸ ਘੱਟ ਹੋਣ ਸਬੰਧੀ ਮੰਗ ਪੱਤਰ ਦਿੰਦੇ ਹੋਏ ਗੈਸ ਏਜੰਸੀ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ। ਮੰਗ ਪੱਤਰ ਦੇਣ ਆਏ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਇੰਡੇਨ ਗੈਸ ਏਜੰਸੀ ਰਾਏਕੋਟ ਦੀ ਗੱਡੀ ਗੈਸ ਸਪਲਾਈ ਲਈ ਆਈ ਸੀ ਤੇ ਕੁੱਝ ਪਿੰਡ ਵਾਸੀਆਂ ਨੂੰ ਸਿਲੰਡਰਾਂ ’ਚ ਗੈਸ ਘੱਟ ਹੋਣ ਦਾ ਸ਼ੱਕ ਪਿਆ ਤਾਂ ਉਨ੍ਹਾਂ ਨੇ ਸਿਲੰਡਰ ਨੂੰ ਤੋਲਿਆ ਤਾਂ ਹਰ ਸਿਲੰਡਰ ’ਚ 2 ਤੋਂ 3 ਕਿਲੋ ਤੱਕ ਗੈਸ ਘੱਟ ਨਿਕਲੀ। ਇਸ ਸਬੰਧੀ ਪੁਲੀਸ ਚੌਕੀ ਜਲਾਲਦੀਵਾਲ ਨੂੰ ਸੂਚਿਤ ਕੀਤਾ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਗੈਸ ਏਜੰਸੀ ਦੇ ਮਾਲਕ ਨੇ ਵੀ ਗੈਸ ਘੱਟ ਹੋਣ ਦੀ ਗੱਲ ਮੰਨੀ ਹੈ। ਐੱਸ.ਡੀ.ਐੱਮ. ਰਾਏਕੋਟ ਤੋਂ ਗੈਸ ਏਜੰਸੀ ਵਿਰੁੱਧ ਬਣਦੀ ਯੋਗ ਕਾਰਵਾਈ ਦੀ ਮੰਗ ਕੀਤੀ ਗਈ ਹੈ। ਐੱਸ.ਡੀ.ਐੱਮ. ਰਾਏਕੋਟ ਡਾ. ਹਿਮਾਂਸ਼ੂ ਗੁਪਤਾ ਦੀ ਗੈਰ ਹਾਜ਼ਰੀ ਵਿੱਚ ਮੰਗ ਪੱਤਰ ਤਹਿਸੀਲਦਾਰ ਪਰਮਜੀਤ ਸਿੰਘ ਬਰਾੜ ਵੱਲੋਂ ਪ੍ਰਾਪਤ ਕੀਤਾ ਗਿਆ। ਇਸ ਮੌਕੇ ਸਰਪੰਚ ਜਗਜੀਤ ਸਿੰਘ, ਜਗਤਾਰ ਸਿੰਘ, ਸੁਖਵਿੰਦਰ ਸਿੰਘ, ਜਗਦੀਪ ਸਿੰਘ, ਦਰਸ਼ਨ ਸਿੰਘ ਆਦਿ ਹਾਜ਼ਰ ਸਨ।