ਪੱਤਰ ਪ੍ਰੇਰਕ
ਅਮਲੋਹ, 10 ਜੁਲਾਈ
ਅਨਾਜ ਮੰਡੀ ਅਮਲੋਹ ਦੇ ਨਜ਼ਦੀਕ ਲੱਖਾਂ ਰੁਪਏ ਦੀ ਲਾਗਤ ਨਾਲ ਲੋਕਾਂ ਦੀ ਸਹੂਲਤ ਲਈ ਬਣਾਏ ਗਏ ਪਖਾਨਿਆਂ ਨੂੰ ਨਗਰ ਕੌਂਸਲ ਵੱਲੋਂ ਜਿੰਦਰੇ ਲਗਾਉਣ ਕਾਰਨ ਲੋਕਾਂ ਵਿਚ ਭਾਰੀ ਰੋਸ ਹੈ ਅਤੇ ਅਨਾਜ ਮੰਡੀ ਦੇ ਮਜ਼ਦੂਰਾਂ, ਆਮ ਲੋਕਾਂ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਵੱਲੋਂ ਸਵੱਛ ਭਾਰਤ ਮੁਹਿੰਮ ਚਲਾਈ ਜਾ ਰਹੀ ਹੈ ਜਦੋਂਕਿ ਦੂਸਰੇ ਪਾਸੇ ਪਖਾਨਿਆਂ ਨੂੰ ਜਿੰਦਰੇ ਲਗਾ ਕੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਨੂੰ ਤੁਰੰਤ ਖੋਲ੍ਹਿਆ ਜਾਵੇ। ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਪ੍ਰਧਾਨ ਡਾ. ਹਰਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਨੇ ਜਨਤਕ ਪਖਾਨਿਆਂ ਵਿੱਚ ਲੱਗੀਆਂ ਟੂਟੀਆਂ ਆਦਿ ਉਤਾਰ ਲਈਆਂ ਹਨ ਅਤੇ ਅੰਦਰ ਕਾਫ਼ੀ ਨੁਕਸਾਨ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨਾਂ ਵਿਚ ਹੀ ਲੋੜੀਂਦੀ ਮੁਰੰਮਤ ਕਰਵਾ ਕੇ ਇਨ੍ਹਾਂ ਨੂੰ ਚਾਲੂ ਕਰਵਾ ਦਿੱਤਾ ਜਾਵੇਗਾ।