ਸਤਵਿੰਦਰ ਬਸਰਾ
ਲੁਧਿਆਣਾ, 19 ਜੂਨ
ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਫੌਜ ਵਿੱਚ ਭਰਤੀ ਸਕੀਮ ‘ਅਗਨੀਪਥ’ ਦੀ ਨਿਖੇਧੀ ਕੀਤੀ ਹੈ। ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਅਜਿਹਾ ਕਰਕੇ ਕੇਂਦਰ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਬੇਰੁਜ਼ਗਾਰੀ ਦੀ ਦਲਦਲ ਵਿੱਚ ਫਸਾਉਣ ਦੀ ਤਿਆਰੀ ਕਰ ਰਹੀ ਹੈ। ਇਸ ਸਬੰਧੀ ਇੱਕ ਰੋਸ ਪ੍ਰਦਰਸ਼ਨ ਸਥਾਨਕ ਗਦਰੀ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿੱਚ ਕੀਤਾ ਗਿਆ। ਇਸ ਮੌਕੇ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ, ਡੈਮੋਕ੍ਰੈਟਿਕ ਮੁਲਾਜ਼ਮ ਫਰੰਟ ਦੇ ਸੁਖਵਿੰਦਰ ਲੀਲ, ਨੌਜਵਾਨ ਸਭਾ ਦੇ ਰਾਕੇਸ਼ ਆਜ਼ਾਦ, ਪੰਜਾਬ ਲੋਕ ਸੱਭਿਆਚਾਰ ਮੰਚ ਦੇ ਕਸਤੂਰੀ ਲਾਲ, ਡੈਮੋਕ੍ਰੈਟਿਕ ਲਾਇਰਜ਼ ਐਸੋਸੀਏਸ਼ਨ ਦੇ ਹਰਪ੍ਰੀਤ ਜੀਰਖ ਆਦਿ ਆਗੂ ਹਾਜ਼ਰ ਸਨ। ਇਨ੍ਹਾਂ ਆਗੂਆਂ ਦਾ ਕਹਿਣਾ ਸੀ ਅਗਨੀਪਥ ਯੋਜਨਾ ਤਹਿਤ ਨੌਜਵਾਨਾਂ ਨੂੰ ਫੌਜ ਵਿੱਚ 4 ਸਾਲ ਲਈ ਨੌਕਰੀ ਦੇਣ ਦੀ ਗੱਲ ਕੀਤੀ ਜਾ ਰਹੀ ਹੈ। ਚਾਰ ਸਾਲਾਂ ਬਾਅਦ ਇਨ੍ਹਾਂ ਵਿੱਚੋਂ ਸਿਰਫ਼ 25 ਫੀਸਦ ਨੌਜਵਾਨਾਂ ਨੂੰ ਹੀ ਪੱਕਾ ਕੀਤਾ ਜਾਵੇਗਾ ਜਦਕਿ ਬਾਕੀ 75 ਫੀਸਦੀ ਨੌਜਵਾਨ ਜਾਂ ਤਾਂ ਬੇਰੁਜ਼ਗਾਰ ਹੋ ਜਾਣਗੇ ਅਤੇ ਜਾਂ ਨਿਮਾਣੀ ਜਿਹੀ ਤਨਖਾਹ ’ਤੇ ਚੌਕੀਦਾਰ ਦੀ ਨੌਕਰੀ ਕਰਨ ਲਈ ਮਜਬੂਰ ਹੋ ਜਾਣਗੇ।
ਇਸ ਦੌਰਾਨ ਆਗੂਆਂ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ਨਾਲ ਰੁਜ਼ਗਾਰ ਦੇਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸਰਕਾਰ ਵੱਲੋਂ ਅੱਠ ਸਾਲ ਕੋਈ ਰੁਜ਼ਗਾਰ ਨਹੀਂ ਦਿੱਤਾ ਸਗੋਂ ਸਰਕਾਰੀ ਅਦਾਰਿਆਂ ਦਾ ਭੋਗ ਪਾ ਕੇ ਉਨ੍ਹਾਂ ਨੂੰ ਕਾਰਪੋਰੇਟ ਅਦਾਰਿਆਂ ਹੱਥ ਦੇ ਕੇ ਸਰਕਾਰੀ ਨੌਕਰੀਆਂ ਦੇ ਮੌਕੇ ਖਤਮ ਕੀਤੇ ਹਨ। ਇਸ ਮੌਕੇ ਆਗੂਆਂ ਨੇ ਅਗਨੀਪਥ ਸਕੀਮ ਵਾਪਸ ਲੈਣ ਅਤੇ ਫੌਜ ਦੀ ਭਰਤੀ ਪਹਿਲਾਂ ਵਾਂਗ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਪ੍ਰਿਆ, ਜਗਜੀਤ ਗੁੜੇ, ਜਗਧੀਰਜ ਲਲਤੋਂ, ਨੰਦ ਲਾਲ, ਹਰਸ਼ਾ ਸਿੰਘ, ਰਜੀਵ ਕੁਮਾਰ, ਵਿਸ਼ਾਲ ਕੁਮਾਰ, ਨਵਨੀਤ ਨੀਟੂ ਤੇ ਸ਼ਿਵਮ ਤੋਂ ਇਲਾਵਾ ਹੋਰ ਆਗੂ ਆਦਿ ਹਾਜ਼ਰ ਸਨ।
ਨੌਜਵਾਨਾਂ ਨਾਲ ਕਾਂਗਰਸ ਚੱਟਾਨ ਵਾਂਗ ਖੜ੍ਹੀ: ਮਹਿਤਾ
ਲੁਧਿਆਣਾ (ਗੁਰਿੰਦਰ ਸਿੰਘ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਪਰਮਿੰਦਰ ਮਹਿਤਾ ਨੇ ਕਿਹਾ ਕਿ ਕੇਂਦਰ ਸਰਕਾਰ ਗੈਰ ਲੋਕਤੰਤਰੀ ਕਾਰਵਾਈਆਂ ਤੋਂ ਬਾਜ਼ ਆਏ ਕਿਉਂਕਿ ਲੋਕਤੰਤਰ ਵਿੱਚ ਤਾਨਾਸ਼ਾਹੀ ਦੇ ਫ਼ੈਸਲੇ ਦੇਸ਼ ਲਈ ਹਮੇਸ਼ਾ ਘਾਤਕ ਹੁੰਦੇ ਹਨ। ਉਹ ਅੱਜ ਕੇਂਦਰ ਸਰਕਾਰ ਵੱਲੋਂ ਲਿਆਂਦੀ ਅਗਨੀਪਥ ਯੋਜਨਾ ਖ਼ਿਲਾਫ਼ ਚੌਕ ਮਾਤਾ ਰਾਣੀ ਸਥਿਤ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਸ਼ੁਰੂ ਕੀਤੇ ਸੱਤਿਆਗ੍ਰਹਿ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅਗਨੀਪਥ ਯੋਜਨਾ ਲਿਆਉਣ ਤੋਂ ਪਹਿਲਾਂ ਮੋਦੀ ਸਰਕਾਰ ਨੇ ਦੇਸ਼ ਦੇ ਨੌਜਵਾਨਾਂ ਨੂੰ ਭਰੋਸੇ ਵਿੱਚ ਤਾਂ ਕੀ ਲੈਣਾ ਸੀ ਉਨ੍ਹਾਂ ਸੰਸਦ ਵਿੱਚ ਵੀ ਇਸ ਬਾਰੇ ਕੋਈ ਵਿਚਾਰ ਚਰਚਾ ਤੱਕ ਨਹੀਂ ਕੀਤੀ। ਇਸ ਦੌਰਾਨ ਉਨ੍ਹਾਂ ਅਗਨੀਪਥ ਯੋਜਨਾ ਖ਼ਿਲਾਫ਼ ਗੁੱਸੇ ਵਿੱਚ ਆਏ ਨੌਜਵਾਨਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦਿਆਂ ਹਿੰਸਾ ਦਾ ਰਸਤਾ ਛੱਡ ਕੇ ਅਮਨ ਸ਼ਾਂਤੀ ਨਾਲ ਵਿਰੋਧ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਹੈ ਕਿ ਕਾਂਗਰਸ ਪਾਰਟੀ ਉਨ੍ਹਾਂ ਨਾਲ ਚੱਟਾਨ ਵਾਂਗ ਖੜ੍ਹੀ ਹੈ। ਇਸ ਮੌਕੇ ਰਵਿੰਦਰ ਸਿਆਨ, ਸਰਬਜੀਤ ਸਿੰਘ ਬੰਟੀ, ਹੇਮੰਤ ਜੈਨ, ਪਵਨ ਠਾਕੁਰ, ਪਿਤੂ ਗਿੱਲ ਅਤੇ ਚਮਨ ਲਾਲ ਪੱਪੀ ਵੀ ਹਾਜ਼ਰ ਸਨ।
ਅਗਨੀਪਥ ਯੋਜਨਾ ਖ਼ਿਲਾਫ਼ ਪ੍ਰਦਰਸ਼ਨ ਦਾ ਐਲਾਨ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਇਨਕਲਾਬੀ ਕੇਂਦਰ ਪੰਜਾਬ, ਆਰਐੱਮਪੀਆਈ, ਸੀਪੀਆਈ ਮਲ (ਨਿਊ ਡੈਮੋਕਰੇਸੀ ) ਸੀਪੀਆਈ, ਸੀਪੀਆਈ ਮਲ (ਲਬਿਰੇਸ਼ਨ) ਨੇ ਅਗਨੀਪਥ ਯੋਜਨਾ ਅਤੇ ਫਾਸ਼ੀਵਾਦ ਖ਼ਿਲਾਫ਼ 26 ਜੂਨ ਨੂੰ ਜਗਰਾਉਂ ਵਿੱਚ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ। ਧਾਰਮਿਕ ਘੱਟ ਗਿਣਤੀਆਂ ਖ਼ਿਲਾਫ਼ ਭਾਜਪਾ ਦੀ ਬੁਲਡੋਜ਼ਰੀ ਸਿਆਸਤ ਵਿਰੁੱਧ ਸੂਬੇ ਭਰ ’ਚ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦੀ ਲੜੀ ’ਚ ਇਹ ਰੋਸ ਮਾਰਚ ਕੀਤਾ ਜਾਵੇਗਾ। ਇਸ ਸਬੰਧੀ ਕੰਵਲਜੀਤ ਖੰਨਾ, ਅਵਤਾਰ ਸਿੰਘ ਰਸੂਲਪੁਰ, ਬਲਰਾਜ ਸਿੰਘ ਕੋਟੳਮਰਾ, ਬਲਦੇਵ ਸਿੰਘ ਕੋਹਲੀ, ਬੂਟਾ ਸਿੰਘ ਚਕਰ ਨੇ ਦੱਸਿਆ ਕਿ ਸਮੁੱਚਾ ਮੁਲਕ ਅੱਜ ਅਤਿਅੰਤ ਖ਼ਤਰਨਾਕ ਹਾਲਾਤ ’ਚੋਂ ਲੰਘ ਰਿਹਾ ਹੈ ਜਦੋਂ ਅਗਨੀਪਥ ਯੋਜਨਾ ਲਿਆ ਕੇ ਜਵਾਨੀ ਨੂੰ ਬਰਬਾਦ ਕਰਨ ਦੀ ਠੇਕੇਦਾਰੀ ਪ੍ਰਬੰਧ ਦੀ ਨੀਤੀ ਲਾਗੂ ਕੀਤੀ ਜਾ ਰਹੀ ਹੈ।