ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 16 ਅਗਸਤ
ਇਲਾਕੇ ਦੀਆਂ ਜਨਤਕ ਜਥੇਬੰਦੀਆਂ ਨੇ ਕੁਲਵੰਤ ਕੌਰ ਰਸੂਲਪੁਰ ਕੇਸ ’ਚ ਨਾਮਜ਼ਦ ਡੀਐੱਸਪੀ ਸਮੇਤ ਹੋਰਨਾਂ ਗ੍ਰਿਫ਼ਤਾਰੀ ਲਈ ਥਾਣੇ ਮੂਹਰੇ 145 ਦਿਨ ਤੋਂ ਚਲਦੇ ਧਰਨੇ ’ਚ ਹੀ 15 ਅਗਸਤ ਨੂੰ ‘ਕਾਲਾ ਆਜ਼ਾਦੀ’ ਦਿਹਾੜਾ ਮਨਾਇਆ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਸਕੱਤਰ ਜਸਦੇਵ ਸਿੰਘ ਲਲਤੋਂ ਤੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਰਸੂਲਪੁਰ ਤੇ ਸੁਖਦੇਵ ਸਿੰਘ ਮਾਣੂੰਕੇ, ਏਟਕ ਆਗੂ ਜਗਦੀਸ਼ ਸਿੰਘ ਕਾਉਂਕੇ, ਕਿਸਾਨ ਸਭਾ ਦੇ ਨਿਰਮਲ ਸਿੰਘ ਧਾਲੀਵਾਲ, ਬੀਕੇਯੂ (ਡਕੌਂਦਾ) ਦੇ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਤੇ ਦਵਿੰਦਰ ਸਿੰਘ ਕਾਉਂਕੇ, ਡਾ. ਅੰਬੇਡਕਰ ਟਰੱਸਟ ਦੇ ਮੁਖੀ ਮਾਸਟਰ ਰਣਜੀਤ ਸਿੰਘ ਹਠੂਰ, ਬੀਬੀ ਕਿਰਨਜੀਤ ਕੌਰ ਸਿੱਧਵਾਂ, ਮਾਸਟਰ ਹਰਭਜਨ ਸਿੰਘ ਦੌਧਰ, ਸਾਬਕਾ ਸਰਪੰਚ ਕੈਪਟਨ ਬਲੌਰ ਸਿੰਘ, ਕਿਰਤੀ ਕਿਸਾਨ ਯੂਨਅਨ ਦੇ ਤਹਿਸੀਲ ਪ੍ਰਧਾਨ ਬਲਵਿੰਦਰ ਸਿੰਘ ਕੋਠੇ ਪੋਨਾ, ਇੰਟਰਨੈਸ਼ਨਲ ਪੰਥਕ ਦਲ ਦੇ ਆਗੂ ਕੁਲਦੀਪ ਸਿੰਘ ਡੱਲਾ ਨੇ ਕਿਹਾ ਕਿ ਅੱਜ ਦੇ ਦਿਨ ਦੀ ਕਿਰਤੀ ਲੋਕਾਂ ਨੂੰ ਕੋਈ ਖੁਸ਼ੀ ਨਹੀਂ ਹੈ। ਭਾਵੇਂ ਆਜ਼ਾਦੀ ਲਈ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਸੁਖਦੇਵ, ਸ਼ਹੀਦ ਕਰਤਾਰ ਸਰਾਭਾ, ਸ਼ਹੀਦ ਊਧਮ ਸਿੰਘ, ਗ਼ਦਰੀ ਬਾਬਿਆਂ, ਬੱਬਰ ਅਕਾਲੀ, ਕਾਲੇ ਪਾਣੀਆਂ ਤੇ ਕੂਕਾ ਲਹਿਰ ਦੇ ਸ਼ਹੀਦਾਂ ਨੇ ਆਪਣੀਆਂ ਜਾਨਾਂ ਵਾਰੀਆਂ ਪਰ ਕੀ ਕੌਮੀ ਸ਼ਹੀਦਾਂ ਨੇ ਇਹੋ-ਜਿਹੀ ਅਜ਼ਾਦੀ ਕਿਆਸੀ ਸੀ? ਇਕ ਕਿਹੀ ਆਜ਼ਾਦੀ ਹੈ ਜਿਸ ’ਚ ਪੀੜਤਾਂ ਨੂੰ ਇਨਸਾਫ਼ ਨਾ ਮਿਲ ਸਕੇ।