ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 12 ਜੁਲਾਈ
ਜਨਤਕ ਜਥੇਬੰਦੀਆਂ ਨੇ ਲੁੱਟਾਂ-ਖੋਹਾਂ, ਡਾਕਿਆਂ, ਚੋਰੀਆਂ ਅਤੇ ਕੁੱਟਮਾਰ ਦੀਆਂ ਵੱਧ ਰਹੀਆਂ ਵਾਰਦਾਤਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਪੁਲੀਸ ਵੱਲੋਂ ਕੋਈ ਕਾਰਵਾਈ ਨਾ ਕਰਨ ਦੀ ਨਿੰਦਾ ਕੀਤੀ। ਇੱਥੇ ਅੱਜ ਮਾਸਟਰ ਸੁਖਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਸਾਬਕਾ ਵਿਧਾਇਕ ਤਰਸੇਮ ਜੋਧਾਂ ਤੋਂ ਇਲਾਵਾ ਜਨਤਕ ਜਥੇਬੰਦੀਆਂ ਕੋਮਾਗਾਟਾ ਮਾਰੂ ਯਾਦਗਾਰੀ ਕਮੇਟੀ, ਜਬਰ ਵਿਰੋਧੀ ਸੰਘਰਸ਼ ਕਮੇਟੀ, ਮਨਰੇਗਾ ਅਧਿਕਾਰ ਅੰਦੋਲਨ, ਭਾਰਤੀ ਕਿਸਾਨ ਯੂਨੀਅਨ (ਚੜੂਨੀ), ਆਲ ਇੰਡੀਆ ਕਿਸਾਨ ਫੈੱਡਰੇਸ਼ਨ ਅਤੇ ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ ਦੇ ਪ੍ਰਤੀਨਿਧਾਂ ਨੇ ਹਿੱਸਾ ਲਿਆ। ਸਾਬਕਾ ਵਿਧਾਇਕ ਕਾਮਰੇਡ ਤਰਸੇਮ ਜੋਧਾਂ ਨੇ ਦੱਸਿਆ ਕਿ ਪੱਖੋਵਾਲ ਰੋਡ ਸਥਿਤ ਕਈ ਇਲਾਕਿਆਂ ਵਿੱਚ ਪਿਛਲੇ ਕੁੱਝ ਹੀ ਦਿਨਾਂ ਦੌਰਾਨ ਪਿੰਡ ਜੋਧਾਂ, ਗੁੱਜਰਵਾਲ, ਜੱਸੋਵਾਲ ਅਤੇ ਝਮੇੜੀ ਆਦਿ ਪਿੰਡਾਂ ਵਿੱਚ ਨਾਮਲੂਮ ਵਿਅਕਤੀ ਡੇਰਿਆਂ ਵਿੱਚੋਂ ਮੱਝਾਂ-ਗਊਆਂ ਅਤੇ ਹੋਰ ਡੰਗਰਾਂ ਤੋਂ ਇਲਾਵਾ ਲੁੱਟਾਂ-ਖੋਹਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਵਾਰਦਾਤਾਂ ਬਾਰੇ ਰਿਪੋਰਟ ਦਰਜ ਕਰਨ ਲਈ ਆਨਾਕਾਨੀ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਾਰੀ ਕਾਰਵਾਈ ਨੂੰ ਵੇਖਦਿਆਂ ਜਨਤਕ ਜਥੇਬੰਦੀਆਂ ਵੱਲੋਂ 15 ਜੁਲਾਈ ਨੂੰ ਜੋਧਾਂ ਪੁਲੀਸ ਥਾਣੇ ਦਾ ਘਿਰਾਓ ਕੀਤਾ ਜਾਵੇਗਾ।