ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 29 ਜੁਲਾਈ
ਪੁਲੀਸ ਕਮਿਸ਼ਨਰ ਲੁਧਿਆਣਾ ਡਾ. ਕੌਸਤੁਭ ਸ਼ਰਮਾ ਨੇ ਸ਼ੋਸ਼ਲ ਮੀਡੀਆ ਰਾਹੀਂ ਸ਼ਹਿਰ ਦੇ ਲੋਕਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਇੱਕ ਜਨ ਸ਼ਿਕਾਇਤ ਪੋਰਟਲ ਲਾਂਚ ਕੀਤਾ, ਜਿੱਥੇ ਲੋਕ ਆਪਣੀਆਂ ਸ਼ਿਕਾਇਤਾਂ ਦਾ ਸਟੇਟਸ ਟ੍ਰੇਸ ਕਰ ਸਕਦੇ ਹਨ। ਇਸ ਲਈ ਸ਼ਿਕਾਇਤਕਰਤਾ ਨੂੰ ਪੋਰਟਲ ’ਤੇ ਲਾਗ-ਇਨ ਕਰਨਾ ਪਵੇਗਾ। ਇਸ ਤੋਂ ਪਹਿਲਾਂ ਲੋਕ ਆਪਣੀਆਂ ਸ਼ਿਕਾਇਤਾਂ ਦੀ ਸਥਿਤੀ ਜਾਣਨ ਲਈ ਪੁਲੀਸ ਥਾਣਿਆਂ, ਚੌਕੀਆਂ ਤੇ ਅਧਿਕਾਰੀਆਂ ਦੇ ਦਫ਼ਤਰਾਂ ’ਚ ਜਾਂਦੇ ਸਨ, ਪਰ ਹੁਣ ਲੋਕਾਂ ਨੂੰ ਥਾਣੇ ਦੇ ਚੱਕਰ ਲਾਉਣ ਦੀ ਲੋੜ ਨਹੀਂ ਪਵੇਗੀ। ਪੁਲੀਸ ਕੋਲ ਪਹਿਲਾਂ ਤੋਂ ਹੀ ਇੱਕ ਈ-ਮੇਲ ਅਕਾਊਂਟ ਹੈ, ਜਿੱਥੇ ਲੋਕ ਆਪਣੀ ਸ਼ਿਕਾਇਤ ਤੇ ਸੁਝਾਅ ਈਮੇਲ ਰਾਹੀਂ ਭੇਜਦੇ ਹਨ। ਲੁਧਿਆਣਾ ਪੁਲੀਸ ਨੇ ਵਟਸਐਪ ਰਾਹੀਂ ਸ਼ਿਕਾਇਤਾਂ ਲੈਣ ਲਈ ਇੱਕ ਨੰਬਰ 78370-18501 ਵੀ ਜਾਰੀ ਕੀਤਾ ਹੈ। ਲੋਕ ਇਸ ਨੰਬਰ ’ਤੇ ਨਸ਼ਾ ਤਸਕਰਾਂ ਤੇ ਸ਼ਰਾਰਤੀ ਅਨਸਰਾਂ ਬਾਰੇ ’ਚ ਪੁਲੀਸ ਨੂੰ ਦੱਸ ਸਕਦੇ ਹਨ। ਪੁਲੀਸ ਕਮਿਸ਼ਨਰ ਸ਼ਰਮਾ ਨੇ ਸ਼ਹਿਰ ਵਾਸੀਆਂ ਨੂੰ ਸ਼ੱਕੀ ਲੋਕਾਂ ਤੇ ਭੰਨਤੋੜ ਵਰਗੀਆਂ ਸਰਗਰਮੀਆਂ ਬਾਰੇ ’ਚ ਚੌਕਸ ਕੀਤਾ। ਉਨ੍ਹਾਂ ਨੇੇ ਫੇਸਬੁੱਕ ’ਤੇ ਲੁਧਿਆਣਾ ਪੁਲੀਸ ਕਮਿਸ਼ਨਰ ਦੇ ਅਧਿਕਾਰਤ ਪੇਜ਼ ’ਤੇ ਲਾਈਵ ਹੋ ਕੇ ਸ਼ਹਿਰ ਵਾਸੀਆਂ ਨੂੰ ਉਕਤ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਅਣਸੁਖਾਵੀ ਘਟਨਾ ਜਾਂ ਸ਼ੱਕੀ ਸਰਗਰਮੀ ਦੀ ਸੂਚਨਾ 112 ਜਾਂ ਪੁਲੀਸ ਕੰਟਰੋਲ ਰੂਮ ਦੇ ਮੋਬਾਈਲ ਨੰਬਰ 78370-18500 ਅਤੇ 78370-18555 ’ਤੇ ਦਿੱਤੀ ਜਾ ਸਕਦੀ ਹੈ।