ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 18 ਫਰਵਰੀ
ਪੰਜਾਬ ਵਿਧਾਨ ਸਭਾ ਚੋਣਾਂ ਲਈ ਪ੍ਰਸ਼ਾਸ਼ਨ ਵੱਲੋਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਬਾਕੀ ਰਹਿੰਦੀਆਂ ਤਿਆਰੀਆਂ ਪੂਰੀ ਕਰਨ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਲੱਗਿਆ ਹੋਇਆ ਹੈ। ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਸ਼ੁੱਕਰਵਾਰ ਨੂੰ ਕਈ ਤਰ੍ਹਾਂ ਦੇ ਹੁਕਮ ਜਾਰੀ ਕੀਤੇ। ਇਨ੍ਹਾਂ ’ਚ ਸਭ ਤੋਂ ਮੁੱਖ ਹੁਕਮ ਹੈ ਕਿ ਸ਼ਨਿੱਚਰਵਾਰ ਨੂੰ ਵੀ ਸਾਰੇ ਸਕੂਲਾਂ ’ਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਡੀਸੀ ਨੇ ਕਿਹਾ ਕਿ ਸ਼ਨਿੱਚਰਵਾਰ ਨੂੰ ਸਰਕਾਰੀ ਸਕੁਲਾਂ ਦੇ ਨਾਲ-ਨਾਲ ਪ੍ਰਾਈਵੇਟ ਸਕੂਲ ਵੀ ਬੰਦ ਰਹਿਣਗੇ। ਜੇ ਕਿਸੇ ਸਕੂਲ ’ਚ ਬੱਚਿਆਂ ਦੇ ਪੇਪਰ ਹਨ ਤਾਂ ਉਸ ਨੂੰ ਵੀ ਅੱਗੇ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਸ਼ਨਿੱਚਰਵਾਰ ਨੂੰ ਕਿਸੇ ਸਕੂਲ ਵਿੱਚ ਕੋਈ ਪੇਪਰ ਨਹੀਂ ਹੋਵੇਗਾ। ਇੱਥੋਂ ਦੇ ਕਈ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ’ਚ ਵੋਟਾਂ ਪੈਣੀਆਂ ਹਨ, ਜਿਸ ਕਾਰਨ ਤਿਆਰੀਆਂ ਨੂੰ ਲੈ ਕੇ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵੱਲੋਂ ਵੀ ਹੋਰ ਵੀ ਹੁਕਮ ਜਾਰੀ ਕਰ ਦਿੱਤੇ ਗਏ ਹਨ। ਡੀਸੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਐਤਵਾਰ ਨੂੰ ਚੋਣ ਲਈ ਵੋਟਾਂ ਪੈਣੀਆਂ ਹਨ। ਕਈ ਸਕੂਲਾਂ ਵਿੱਚ ਪੋਲਿੰਗ ਬੂਥ ਬਣਾਏ ਗਏ ਹਨ। ਇਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਸ਼ਨਿੱਚਰਵਾਰ ਨੂੰ ਪੋਲਿੰਗ ਬੂਥਾਂ ਦੀਆਂ ਤਿਆਰੀਆਂ ਹੋਣੀਆਂ ਹਨ। ਇਸ ਕਾਰਨ ਬੱਚਿਆਂ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ ਤੇ ਸਰਕਾਰੀ ਕੰਮ ਵਿੱਚ ਵੀ ਵਿਘਨ ਪਵੇਗਾ।
ਇਸ ਕਾਰਨ ਡੀਸੀ ਨੇ ਸ਼ਨਿੱਚਰਵਾਰ ਨੂੰ ਜ਼ਿਲ੍ਹੇ ਦੇ ਸਾਰੇ ਸਰਕਰੀ ਤੇ ਪ੍ਰਾਈਵੇਟ ਸਕੂਲਾਂ ’ਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਜੇ ਕਿਸੇ ਸਕੂਲ ’ਚ ਪੇਪਰ ਰੱਖੇ ਗਏ ਹਨ ਤਾਂ ਉਨ੍ਹਾਂ ਨੂੰ ਅੱਗੇ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਨਾਲ ਡੀਸੀ ਨੇ ਹੁਕਮ ਵੀ ਜਾਰੀ ਕਰ ਦਿੱਤੇ ਹਨ ਕਿ 48 ਘੰਟਿਆਂ ਦੌਰਾਨ ਕਿਸੇ ਨੂੰ ਵੀ ਧਰਨਾ ਦੇਣ ਜਾਂ ਫਿਰ ਪੰਜ ਤੋਂ ਜ਼ਿਆਦਾ ਵਿਅਕਤੀ ਇਕੱਠੇ ਕਰਨ ’ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਇਸ ਦੇ ਨਾਲ ਨਾਲ ਬਾਹਰੀ ਸੂਬਿਆਂ ਜਾਂ ਫਿਰ ਬਾਹਰੀ ਸ਼ਹਿਰਾਂ ਤੋਂ ਚੋਣ ਪ੍ਰਚਾਰ ਲਈ ਆਏ ਲੋਕਾਂ ਨੂੰ ਵੀ 6 ਵਜੇ ਤੱਕ ਸ਼ਹਿਰ ਛੱਡਣ ਦੇ ਹੁਕਮ ਦੇ ਦਿੱਤੇ ਗਏ ਹਨ।