ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਸਤੰਬਰ
ਮੱਤੇਵਾੜਾ ਦੇ ਜੰਗਲਾਂ ਨੇੜੇ ਉਦਯੋਗਿਕ ਪਾਰਕ ਬਣਾਉਣ ਨੂੰ ਰੋਕਣ ਦੇ ਮਕਸਦ ਨਾਲ ਅੱਜ ਇਸ ਮੁਹਿੰਮ ਨੂੰ ਅੱਗੇ ਤੋਰ ਰਹੀ ਜੱਥੇਬੰਦੀ ਪਬਲਿਕ ਐਕਸ਼ਨ ਕਮੇਟੀ ਦੀ ਅਹਿਮ ਮੀਟਿੰਗ ਹੋਈ। ਜ਼ਿਕਰਯੋਗ ਹੈ ਇੱਕ ਅਖਬਾਰ ਦੇ ਮੁੱਖ ਸੰਪਾਦਕ ਬਲਵਿੰਦਰ ਸਿੰਘ ਪੂਰੈਨ ਵੱਲੋਂ 26 ਜੁਲਾਈ, 2021 ਨੂੰ ਪੀਐਮਓ ਨੂੰ ਪੱਤਰ ਲਿਖ ਕਿ ਮੱਤੇਵਾੜਾ ਜੰਗਲਾਂ ਨੂੰ ਪੰਜਾਬ ਸਰਕਾਰ ਵੱਲੋਂ ਤਜਵੀਜ਼ ਕੀਤੇ ਇੰਡਸਟਰੀ/ਕੱਪੜਾ ਪਾਰਕ ਤੋਂ ਹੋਣ ਜਾ ਰਹੇ ਵੱਡੇ ਖਤਰੇ ਤੋਂ ਜਾਣੂ ਕਰਵਾਇਆ ਸੀ। ਹੁਣ ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਜੰਗਲਾਤ ਸੰਭਾਲ ਮੰਡਲ ਦੇ ਸਹਾਇਕ ਇੰਸਪੈਕਟਰ ਜਨਰਲ ਨੇ ਸੂਬਾ ਸਰਕਾਰ ਤੋਂ ਇਸ ਮੁੱਦੇ ’ਤੇ ਵਿਸਤ੍ਰਿਤ ਰਿਪੋਰਟ ਮੰਗੀ ਹੈ। ਇਸ ਮਾਮਲੇ ਨਾਲ ਜੁੜੀ ਇੱਕ ਹੋਰ ਸ਼ਿਕਾਇਤ ਕੁਲਦੀਪ ਸਿੰਘ ਖਹਿਰਾ ਵੱਲੋਂ ਕੀਤੀ ਗਈ ਸੀ ਜਿਸ ਦੀ ਕਾਰਵਾਈ ਲਈ ਕੇਂਦਰੀ ਪ੍ਰਦੂਸ਼ਣ ਕੰਟਰੋਲ ਰਾਹੀਂ ਮੈਂਬਰ ਸਕੱਤਰ ਪੀਪੀਸੀਬੀ ਨੂੰ ਬਣਦੀ ਕਾਰਵਾਈ ਲਈ ਭੇਜਿਆ ਗਿਆ ਹੈ। ਪਬਲਿਕ ਐਕਸ਼ਨ ਕਮੇਟੀ ਦੀ ਮੀਟਿੰਗ ਵਿੱਚ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਮੱਤੇਵਾੜਾ ਨੇੜੇ ਫੋਟੋਗ੍ਰਾਫੀ ਮੁਕਾਬਲਾ ਅਤੇ ਰੁੱਖ ਲਗਾਉਣ ਦੀ ਮੁਹਿੰਮ ਦਾ ਐਲਾਨ ਕੀਤਾ ਗਿਆ। ਸਮਾਗਮ ਦੇ ਪ੍ਰਬੰਧਕ ਰਣਜੋਧ ਸਿੰਘ ਨੇ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਇੱਥੇ ਹੀ ਮਨਾਉਣ ਦੀ ਅਪੀਲ ਕੀਤੀ ਹੈ।