ਗਗਨਦੀਪ ਅਰੋੜਾ
ਲੁਧਿਆਣਾ, 19 ਮਈ
ਪੀਆਰਟੀਸੀ ਦੇ ਠੇਕੇ ’ਤੇ ਭਰਤੀ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਕਾਰਨ ਵੀਰਵਾਰ ਨੂੰ ਬੱਸ ਸਟੈਂਡ ’ਤੇ ਹੜਤਾਲ ਕਰ ਕੇ ਕੰਮ-ਕਾਜ ਠੱਪ ਕਰ ਦਿੱਤਾ ਸੀ। ਹੜਤਾਲ ਕਾਰਨ ਕਈ ਬੱਸਾਂ ਦੇ ਰੂਟ ਪ੍ਰਭਾਵਿਤ ਹੋਏ ਤੇ ਜਨਤਾ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਪਿਆ, ਪਰ ਸ਼ਾਮ ਹੁੰਦੇ ਹੁੰਦੇ ਆਖ਼ਰ ਸਰਕਾਰ ਨੇ ਮੁਲਾਜ਼ਮਾਂ ਦੀ ਮੰਗਾਂ ਨੂੰ ਹਰੀ ਝੰਡੀ ਦੇ ਦਿੱਤੀ, ਜਿਸ ਤੋਂ ਬਾਅਦ ਮੁਲਾਜ਼ਮਾਂ ਨੇ ਹੜਤਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ।
ਆਪਣੀਆਂ ਮੰਗਾਂ ਨੂੰ ਲੈ ਕੇ ਲੁਧਿਆਣਾ ਬੱਸ ਅੱਡੇ ’ਤੇ ਵੀਰਵਾਰ ਨੂੰ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੀਆਂ ਬੱਸਾਂ ਡਿੱਪੂਆਂ ’ਚ ਖੜ੍ਹੀਆਂ ਕਰ ਦਿੱਤੀਆਂ ਗਈਆਂ ਸਨ। ਲੁਧਿਆਣਾ ਡਿੱਪੂ ’ਚ ਪਨਬਸ ਤੇ ਰੋਡਵੇਜ਼ ਦੀਆਂ 130 ਅਤੇ ਪੀਆਰਟੀਸੀ ਦੀਆਂ 100 ਬੱਸਾਂ ਹਨ। ਪੰਜਾਬ ਰੋਡਵੇਜ਼ ਪਨਬਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਨੇ ਕਿਹਾ ਕਿ ਵਿਭਾਗ ਦੇ ਤਾਨਾਸ਼ਾਹੀ ਰਵੱਈਏ ਖਿਲਾਫ਼ ਉਨ੍ਹਾਂ ਅੱਜ ਵੀ ਡਿੱਪੂ ’ਚ ਗੇਟ ਰੈਲੀ ਕੀਤੀ। ਉਨ੍ਹਾਂ ਕਿਹਾ ਕਿ ਉਹ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਹਨ ਪਰ ਵਾਰ ਸਰਕਾਰ ਸਿਰਫ਼ ਵਾਅਦੇ ਕਰ ਕੇ ਮੁੱਕਰ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਤਿੰਨ ਮੁੱਖ ਮੰਗਾਂ ਵਿੱਚ ਪਹਿਲੀ ਮੰਗ ਚੰਡੀਗੜ੍ਹ ਡਿੱਪੂ ਦੇ ਮੁਅੱਤਲ ਕੀਤੇ ਗਏ ਤਿੰਨ ਮੁਲਾਜ਼ਮਾਂ ਨੂੰ ਬਹਾਲ ਕਰਨਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਰੋਡਵੇਜ਼ ਦੇ ਮੋਗਾ ਡਿੱਪੂ ਦੀ ਡਿਊਟੀ ਹੈੱਡ ਦਫ਼ਤਰ ’ਚੋਂ ਲਾਈ ਜਾ ਰਹੀ ਹੈ, ਜੋ ਗਲਤ ਹੈ, ਇਸਦੇ ਨਾਲ ਮੁਲਾਜ਼ਮਾਂ ਨੂੰ ਤੰਗ ਕੀਤਾ ਜਾ ਰਿਹਾ ਹੈ। ਤੀਸਰੀ ਤੇ ਆਖਰੀ ਮੰਗ ਉਨ੍ਹਾਂ ਨੂੰ ਤਨਖਾਹ ਸਮੇਂ ’ਤੇ ਨਹੀਂ ਮਿਲ ਰਹੀ, ਜੋ ਜਾਰੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮਈ ਦੀ 19 ਤਰੀਕ ਹੋ ਗਈ ਹੈ, ਜਦੋਂ ਕਿ ਹੁਣ ਤੱਕ ਉਨ੍ਹਾਂ ਨੂੰ ਤਨਖਾਹ ਜਾਰੀ ਨਹੀਂ ਕੀਤੀ ਗਈ। ਪਿਛਲੇ 2-3 ਮਹੀਨਿਆਂ ਤੋਂ ਇਸੇ ਸਮੇਂ ’ਚ ਤਨਖਾਹ ਕੀਤੀ ਜਾ ਰਹੀ ਹੈ, ਜੋ ਕਿ ਹੁਣ ਤੋਂ ਪਹਿਲਾਂ ਤੱਕ ਹਰ ਮਹੀਨੇ ਦੇ ਪਹਿਲੇ ਹਫ਼ਤੇ ਜਾਰੀ ਕਰ ਦਿੱਤੀ ਜਾਂਦੀ ਸੀ।
ਉਨ੍ਹਾਂ ਦੱਸਿਆ ਕਿ ਦੇਰ ਸ਼ਾਮ ਸਰਕਾਰ ਨੇ ਯੂਨੀਅਨ ਦੇ ਆਗੂਆਂ ਨਾਲ ਗੱਲ ਕੀਤੀ ਤੇ ਮੰਗਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਮੁਲਾਜ਼ਮਾਂ ਨੂੰ ਤਨਖਾਹ ਟਰਾਂਸਫਰ ਕਰਨ ਦੀ ਗੱਲ ਕਹਿ ਦਿੱਤੀ ਗਈ ਹੈ ਜਿਸ ਤੋਂ ਬਾਅਦ ਮੁਲਾਜ਼ਮਾਂ ਨੇ ਹੜਤਾਲ ਖ਼ਤਮ ਕਰ ਦਿੱਤੀ ਹੈ।