ਖੇਤਰੀ ਪ੍ਰਤੀਨਿਧ
ਲੁਧਿਆਣਾ, 10 ਜੁਲਾਈ
ਪਰਮਦੀਪ ਸਿੰਘ ਦੀਪ ਯਾਦਗਾਰੀ ਵੈੱਲਫੇਅਰ ਸੁਸਾਇਟੀ ਵੱਲੋਂ ਪਰਮਦੀਪ ਸਿੰਘ ਦੀਪ ਦੀ ਯਾਦ ਵਿਚ 15ਵਾਂ ਸਾਲਾਨਾ ਸਮਾਗਮ, ਕਾਰਜਸ਼ਾਲਾ ਤੇ ਕਵੀ ਦਰਬਾਰ ਅੱਜ ਤੋਂ ਸ਼ੁਰੂ ਹੋ ਗਿਆ। ਇਸ ਸਮਾਗਮ ਵਿਚ ਮਹਾਨ ਸਖ਼ਸ਼ੀਅਤਾਂ, ਵਿਦਵਾਨ ਕਵੀ ਅਤੇ ਭਾਰਤ ਅਤੇ ਵਿਦੇਸ਼ਾਂ ਵਿਚੋਂ 100 ਤੋਂ ਵੱਧ ਉਭਰਦੇ ਕਵੀ ਭਾਗ ਲੈ ਰਹੇ ਹਨ। ਅੱਜ ਇਸ ਕਾਰਜਸ਼ਾਲਾ ਤੇ ਕਵੀ ਦਰਬਾਰ ਦਾ ਆਨਲਾਈਨ ਉਦਘਾਟਨ ਕਰਦੇ ਹੋਏ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਜਿਥੇ ਸੁਸਾਇਟੀ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ, ਉਥੇ ਇਹ ਵੀ ਕਿਹਾ ਕਿ ਕਵੀ ਹੀ ਇਤਿਹਾਸ ਨੂੰ ਸੁਚੱਜੇ ਢੰਗ ਨਾਲ ਪੇਸ਼ ਕਰ ਸਕਦੇ ਹਨ ਅਤੇ ਇਨ੍ਹਾਂ ’ਤੇ ਕੌਮ ਨੂੰ ਮਾਣ ਹੈ। ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਪ੍ਰਧਾਨ ਨੇ ਕਿਹਾ ਕਿ ਡਾ. ਹਰੀ ਸਿੰਘ ਜਾਚਕ ਦੀ ਅਗਵਾਈ ਵਿੱਚ ਕਵੀ ਤਿਆਰ ਹੋ ਰਹੇ ਹਨ। ਕਵੀ ਦਰਬਾਰ ਦੀ ਸ਼ੁਰੂਆਤ ਭੁਪਿੰਦਰ ਸਿੰਘ ਨੇ ਮੂਲਮੰਤਰ ਤੇ ਗੁਰਮੰਤਰ ਦੇ ਪਾਠ ਨਾਲ ਕੀਤੀ। ਉਪਰੰਤ ਸੁਸਾਇਟੀ ਦੇ ਜਨਰਲ ਸਕੱਤਰ ਡਾ. ਰਮਨਦੀਪ ਸਿੰਘ ਦੀਪ ਨੇ ਸਭ ਨੂੰ ਜੀ ਆਇਆਂ ਆਖਿਆ। ਸੁਸਾਇਟੀ ਦੇ ਚੇਅਰਮੈਨ ਡਾ. ਜਾਚਕ ਨੇ ਇਸ ਕਾਰਜਸ਼ਾਲਾ ਦਾ ਮਨੋਰਥ ਦੱਸਦਿਆਂ ਕਵੀਆਂ ਨੂੰ ਸ਼ੁਭਇਛਾਵਾਂ ਦਿੱਤੀਆਂ।
ਉਪੰਰਤ ਪ੍ਰੋਫੈਸਰ ਗੁਰਵਿੰਦਰ ਕੌਰ ਲੁਧਿਆਣਾ ਦੀ ਅਗਵਾਈ ਵਿੱਚ ਕਵੀ ਦਰਬਾਰ ਦੀ ਸ਼ੁਰੂਆਤ ਹੋਈ, ਜਿਸ ਵਿੱਚ ਅਮਰਦੀਪ ਕੌਰ ਲੁਧਿਆਣਾ, ਦੀਪਕ ਭਾਟੀਆ ਮੁਕੇਰੀਆਂ, ਬਲਵਿੰਦਰ ਸਿੰਘ ਸੰਧਾ ਇੰਗਲੈਂਡ, ਵੀਰਪਾਲ ਕੌਰ ਕੋਮਲ, ਤਰੁਨਦੀਪ ਸਿੰਘ, ਅਮਿਤ ਕੌਰ ਲੁਧਿਆਣਾ, ਲਖਵਿੰਦਰ ਕੌਰ ਪਿੰਕੀ ਲੁਧਿਆਣਾ, ਤਰਵਿੰਦਰ ਕੌਰ ਝੰਡੋਕ, ਅੰਜੂ ਵੀ ਰੱਤੀ ਹੁਸ਼ਿਆਰਪੁਰ, ਲੀਲਾ ਸਿੰਘ ਰਾਇ, ਹਰਮੀਤ ਕੌਰ ਕਰਨਾਲ ਨੇ ਧਾਰਮਿਕ ਤੇ ਸਮਾਜਿਕ ਵਿਸ਼ਿਆਂ ਤੇ ਕਵਿਤਾਵਾਂ ਸੁਣਾ ਕੇ ਸਰੋਤਿਆਂ ਨੂੰ ਨਿਹਾਲ ਕੀਤਾ। ਪ੍ਰੋ. ਬਲਵਿੰਦਰਪਾਲ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਚਲਾਈ ਗੁਰਮਤਿ ਕਵੀ ਪ੍ਰੰਪਰਾ ਬਾਰੇ ਵਿਚਾਰ ਸਾਂਝੇ ਕੀਤੇ। ਬਰਜਿੰਦਰ ਪਾਲ ਸਿੰਘ ਨੇ ਕਿਹਾ ਕਿ ਇਸ ਆਨਲਾਈਨ ਕਵੀ ਦਰਬਾਰ ਨਾਲ ਉਭਰਦੇ ਕਵੀਆਂ ਨੂੰ ਸੇਧ ਮਿਲ ਰਹੀ ਹੈ।