ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 11 ਅਪਰੈਲ
ਕੁਲਵੰਤ ਕੌਰ ’ਤੇ ਕਥਿਤ ਪੁਲੀਸ ਤਸ਼ੱਦਦ ਅਤੇ ਉਸ ਦੀ ਮੌਤ ਮਗਰੋਂ ਡੀਐੱਸਪੀ ਸਮੇਤ ਹੋਰਨਾਂ ਖ਼ਿਲਾਫ਼ ਪਰਚਾ ਦਰਜ ਕਰਨ ਤੋਂ ਬਾਅਦ ਗ੍ਰਿਫ਼ਤਾਰੀ ਨਾ ਹੋਣ ਦੇ ਰੋਸ ਵਜੋਂ ਥਾਣਾ ਸਿਟੀ ਅੱਗੇ ਅਣਮਿਥੇ ਸਮੇਂ ਦਾ ਧਰਨਾ ਜਾਰੀ ਹੈ। ਧਰਨੇ ਦੇ ਵੀਹਵੇਂ ਦਿਨ ਅੱਜ ਇੰਟਰਨੈਸ਼ਨਲ ਪੰਥਕ ਦਲ ਨੇ ਵੀ ਸ਼ਮੂਲੀਅਤ ਕੀਤੀ। ਦਲ ਦੇ ਮੁੱਖ ਸੇਵਾਦਾਰ ਦਲੀਪ ਸਿੰਘ ਚਕਰ ਅਤੇ ਪ੍ਰਧਾਨ ਹਰਚੰਦ ਸਿੰਘ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਾਮਜ਼ਦ ਮੁਲਜ਼ਮਾਂ ਨੂੰ ਸਰਕਾਰ ਤੇ ਪੁਲੀਸ ਪ੍ਰਸ਼ਾਸਨ ਬਿਨਾਂ ਦੇਰੀ ਗ੍ਰਿਫ਼ਤਾਰ ਕਰੇ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਪਰਿਵਾਰ ਨੂੰ ਇਨਸਾਫ਼ ਮਿਲਣ ’ਚ ਡੇਢ ਦਹਾਕੇ ਦਾ ਸਮਾਂ ਲੱਗ ਚੁੱਕਾ ਹੈ ਅਤੇ ਲੜਕੀ ਦੀ ਮੌਤ ਤੋਂ ਬਾਅਦ ਪਰਚਾ ਦਰਜ ਹੋਣ ਨਾਲ ਜੇ ਇਨਸਾਫ਼ ਦੀ ਆਸ ਬੱਝੀ ਤਾਂ ਉਹ ਕਾਇਮ ਰਹਿਣੀ ਚਾਹੀਦੀ ਹੈ। ਧਰਨੇ ਨੂੰ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਰਸੂਲਪੁਰ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ, ਭਾਰਤੀ ਕਿਸਾਨ ਯੂਨੀਅਨ ਦੇ ਕੁੰਡਾ ਸਿੰਘ ਨੇ ਵੀ ਸੰਬੋਧਨ ਕੀਤਾ। ਦਰਸ਼ਨ ਸਿੰਘ ਧਾਲੀਵਾਲ ਨੇ ਇਸ ਮੌਕੇ ਸੰਬੋਧਨ ਕੀਤਾ। ਜ਼ਿਕਰਯੋਗ ਹੈ ਕਿ ਪੰਦਰਾਂ ਸਾਲ ਮੰਜੇ ’ਤੇ ਪਏ ਰਹਿਣ ਮਗਰੋਂ ਕੁਲਵੰਤ ਕੌਰ ਦੀ ਲੰਘੀ 10 ਦਸੰਬਰ ਨੂੰ ਮੌਤ ਹੋ ਗਈ ਸੀ ਅਤੇ ਪੁਲੀਸ ਨੇ ਅਗਲੇ ਹੀ ਦਿਨ ਕੇਸ ਦਰਜ ਕਰ ਲਿਆ ਸੀ।