ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 25 ਜਨਵਰੀ
ਇਥੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਧਰਨਾ ਜਾਰੀ ਹੈ। ਰਣਧੀਰ ਸਿੰਘ ਬੱਸੀਆਂ, ਹਰਚੰਦ ਸਿੰਘ ਢੋਲਣ, ਅਵਤਾਰ ਗਿੱਲ, ਜਸਵੰਤ ਚੂਹੜਚੱਕ, ਕੰਵਲਜੀਤ ਖੰਨਾ ਅਤੇ ਅਸ਼ੋਕ ਭੰਡਾਰੀ ਨੇ ਆਖਿਆ ਕਿ ਗਣਤੰਤਰ ਦਿਵਸ ’ਤੇ ਦੁਨੀਆਂ ਭਰ ਦੇ ਲੋਕ ਪਹਿਲੀ ਵਾਰ ਕਿਸੇ ਲੋਕਤੰਤਰ ਦੇਸ਼ ਦੀ ਰਾਜਧਾਨੀ ’ਚ ਤਿੰਨ ਲੱਖ ਟਰੈਕਟਰਾਂ ਦੀ ਪਰੇਡ ਦੇਖਣਗੇ। ਇਹ ਅਲੋਕਾਰੀ ਵਰਤਾਰਾ ਦੇਸ਼ ਦੇ ਕਿਰਤੀ ਲੋਕਾਂ ਦੀ ਮਹੀਨਿਆਂ ਬੱਧੀ ਹਿੰਮਤ ਅਤੇ ਮਿਹਨਤ ਦਾ ਸਿੱਟਾ ਹੈ। ਲੋਕ ਆਗੂਆਂ ਨੇ ਐਲਾਨ ਕੀਤਾ ਕਿ ਜਿਹੜੇ ਕਿਰਤੀ ਦਿੱਲੀ ਨਹੀਂ ਪਹੁੰਚ ਸਕੇ ਉਹ ਜਗਰਾਉਂ ’ਚ 11 ਵਜੇ ਹੋ ਰਹੀ ਟਰੈਕਟਰ ਪਰੇਡ ਦਾ ਹਿੱਸਾ ਬਣਨਗੇ।
ਦਿੱਲੀ ਟਰੈਕਟਰ ਰੈਲੀ ਲਈ ਚੌਂਕੀਮਾਨ ਧਰਨੇ ਦੇ ਪ੍ਰਬੰਧਕਾਂ ਵੱਲੋਂ ਪ੍ਰਬੰਧ ਕੀਤੇ ਗਏ । ਕਿਸਾਨਾਂ ਦੇ ਟਰੈਕਟਰਾਂ ਲਈ ਤੇਲ ਆਦਿ ਦਾ ਪ੍ਰਬੰਧ ਵੀ ਕੀਤਾ ਗਿਆ। ਇਸੇ ਤਰ੍ਹਾਂ ਪਿੰਡ ਮਲਕ, ਸਵੱਦੀ, ਭਰੋਵਾਲ, ਭੂੰਦੜੀ ਸਮੇਤ ਬਹੁਗਿਣਤੀ ਪਿੰਡਾਂ ਦੇ ਗੁਰੂਘਰਾਂ ਵੱਲੋਂ ਵੀ ਟਰੈਕਟਰ ਪਰੇਡ ’ਚ ਹਿੱਸਾ ਲੈਣ ਵਾਲੇ ਕਿਸਾਨਾਂ ਲਈ ਮਦਦ ਕੀਤੀ ਗਈ। ਲੋਕ ਆਗੂ ਗੁਰਮੇਲ ਭਰੋਵਾਲ, ਸਤਨਾਮ ਮੋਰ ਕਰੀਮਾਂ, ਸੁਖਵਿੰਦਰ ਹੰਭੜਾਂ, ਸੁਖਦੇਵ ਭੂੰਦੜੀ, ਮੁਕੰਦ ਸਿੰਘ ਚੌਂਕੀਮਾਨ ਵੱਲੋਂ ਦਿੱਲੀ ਵੱਲ ਕੂੱਚ ਕਰਨ ਵਾਲੇ ਕਿਰਤੀਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ ।
ਕਿਸਾਨੀ ਸੱਭਿਆਚਾਰ ਨੂੰ ਦਰਸਾਉਂਦੀਆਂ ਝਾਕੀਆਂ ਕੱਢੀਆਂ
ਖੰਨਾ (ਨਿੱਜੀ ਪੱਤਰ ਪ੍ਰੇਰਕ): ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖਿਲਾਫ਼ ਆਰੰਭੇ ਸੰਘਰਸ਼ ਦੀ ਰੂਪ-ਰੇਖਾ ਤਿਆਰ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 26 ਜਨਵਰੀ ਨੂੰ ਦਿੱਲੀ ਦੀਆਂ ਸੜਕਾਂ ’ਤੇ ਕੱਢੀ ਜਾ ਰਹੀ ‘ਕਿਸਾਨ ਗਣਤੰਤਰ ਪਰੇਡ’ ਵਿਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਕਿਸਾਨਾਂ ਦੇ ਕਾਫ਼ਲੇ ਦਿੱਲੀ ਰਵਾਨਾ ਹੋ ਰਹੇ ਹਨ। ਇਸੇ ਲੜੀ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਹੇਠ ਪਿੰਡਾਂ ਦੇ ਕਿਸਾਨ ਟਰੈਕਟਰਾਂ-ਟਰਾਲੀਆਂ ਵਿਚ ਕਿਸਾਨੀ ਸੱਭਿਆਚਾਰ ਨੂੰ ਦਰਸਾਉਂਦੀਆਂ ਝਾਕੀਆਂ ਸਮੇਤ ਦਿੱਲੀ ਲਈ ਰਵਾਨਾ ਹੋਏ। ਗੁਰਦੀਪ ਸਿੰਘ ਭੱਟੀ ਅਤੇ ਦਲਜੀਤ ਸਿੰਘ ਸਵੈਚ ਨੇ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦਾ ਪੱਖ ਪੁੂਰਦੀ ਹੋਏ ਦੇਸ਼ ਦੀ ਜਨਤਾ ’ਤੇ ਮੁੜ ਦਮਨਕਾਰੀ ਕਾਨੂੰਨ ਥੋਪਣ ਲੱਗੀ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਵੋਟਾਂ ਰਾਹੀਂ ਨਹੀਂ ਸਗੋਂ ਈਵੀਐਮ ਰਾਹੀਂ ਚੁਣੀ ਗਈ ਹੈ, ਜਿਸ ਨੂੰ ਲੋਕਾਂ ਦੀ ਕੋਈ ਪ੍ਰਵਾਹ ਨਹੀਂ ਹੈ। ਇਸ ਮੌਕੇ ਕਸ਼ਮੀਰਾ ਸਿੰਘ ਮਾਜਰਾ, ਹਰਮਿੰਦਰ ਸਿੰਘ ਸੇਖੋਂ, ਜਗਜੀਤ ਸਿੰਘ, ਰਛਪਾਲ ਸਿੰਘ ਮਾਨ, ਗੁਰਤਿੰਦਰ ਸਿੰਘ, ਅਵਤਾਰ ਸਿੰਘ ਮਾਜਰਾ, ਕੁਲਵੰਤ ਸਿੰਘ ਮਾਜਰਾ, ਡਾ. ਚਰਨਜੀਤ ਸਿੰਘ, ਦਲਜੀਤ ਸਿੰਘ ਸਵੈਚ, ਸਾਬਕਾ ਸੈਨਿਕ ਵੈਲਫੇਅਰ ਐਸਸੀਏਸ਼ਨ ਖੰਨਾ ਦੇ ਜਨਰਲ ਸਕੱਤਰ ਕੈਪਟਨ ਨੰਦ ਲਾਲ ਮਾਜਰੀ ਹਾਜ਼ਰ ਸਨ।
ਡਾਕਟਰਾਂ ਵੱਲੋਂ ਕਿਸਾਨ ਧਰਨੇ ਵਿਚ ਸ਼ਮੂਲੀਅਤ
ਗੁਰੂਸਰ ਸੁਧਾਰ (ਪੱਤਰ ਪ੍ਰੇਰਕ): ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਚੱਲ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਲੜੀਵਾਰ ਧਰਨੇ ਵਿਚ ਅੱਜ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦਾ ਵੱਡਾ ਜਥਾ ਵੱਖ-ਵੱਖ ਪਿੰਡਾਂ ਵਿੱਚ ਮਾਰਚ ਉਪਰੰਤ ਸ਼ਾਮਲ ਹੋਇਆ। ਧਰਨੇ ਦੀ ਅਗਵਾਈ ਡਾ.ਮਨਪ੍ਰੀਤ ਕੌਰ, ਡਾ. ਜਸਵਿੰਦਰ ਕੌਰ ਅਤੇ ਕਿਰਨਬੀਰ ਕੌਰ ਢਿੱਲੋਂ ਨੇ ਕੀਤੀ। ਜਮਹੂਰੀ ਕਿਸਾਨ ਸਭਾ ਦੇ ਆਗੂ ਜਗਤਾਰ ਸਿੰਘ ਚਕੋਹੀ ਨੇ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰ ਲੋਕਾਂ ਨੂੰ ਸਸਤੀਆਂ ਸੇਵਾਵਾਂ ਦਿੰਦੇ ਹਨ ਪਰ ਸਰਕਾਰ ਉਨ੍ਹਾਂ ਨੂੰ ਕੰਮ ਨਹੀਂ ਕਰਨ ਦੇ ਰਹੀ। ਡਾਕਟਰਾਂ ਦੇ ਜਥੇ ਦੀ ਅਗਵਾਈ ਸੂਬਾਈ ਜਨਰਲ ਸਕੱਤਰ ਡਾ.ਜਸਵਿੰਦਰ ਸਿੰਘ ਕਾਲਖ, ਡਾ. ਸੰਤੋਖ ਸਿੰਘ ਮਨਸੂਰਾਂ, ਡਾ. ਕੇਸਰ ਸਿੰਘ ਧਾਂਦਰਾ ਨੇ ਕੀਤੀ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਹਰਨੇਕ ਸਿੰਘ ਗੁੱਜਰਵਾਲ, ਸੁਖਮਿੰਦਰ ਸਿੰਘ ਮਹਿਮਾ ਸਿੰਘ ਵਾਲਾ, ਸੁਰਜੀਤ ਸਿੰਘ ਸੀਲੋਂ ਨੇ ਵੀ ਸੰਬੋਧਨ ਕੀਤਾ।
ਕਿਸਾਨ ਜਥੇਬੰਦੀਆਂ ਦੇ ਹੱਕ ਵਿੱਚ ਪ੍ਰਦਰਸ਼ਨ
ਲੁਧਿਆਣਾ (ਖੇਤਰੀ ਪ੍ਰਤੀਨਿਧ) : ਲੋਕ ਕਵੀ ਸੰਤ ਰਾਮ ਉਦਾਸੀ ਵਿਚਾਰ ਮੰਚ, ਪੰਜਾਬੀ ਪਸਾਰ ਭਾਈਚਾਰਾ ਤੇ ਸਿਰਜਣਧਾਰਾ ਵਲੋਂ ਸਾਂਝੇ ਤੌਰ ’ਤੇ ਆਪਣੇ ਹੱਕਾਂ ਲਈ ਲੜਾਈ ਲੜ ਰਹੇ ਕਿਸਾਨਾਂ ਨੂੰ ਸਮਰਪਿਤ ਮੁਜ਼ਾਹਰਾ ਕੀਤਾ ਗਿਆ ਜਿਸ ਵਿਚ ਵੱਖ-ਵੱਖ ਥਾਵਾਂ ’ਤੇ ਸ਼ਹੀਦ ਹੋਏ ਕਿਸਾਨਾਂ ਨੂੰ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਮੁਜ਼ਾਹਰੇ ਦੌਰਾਨ ਬੁਲਾਰਿਆਂ ਨੇ ਕੇਂਦਰ ਵੱਲੋਂ ਬਣਾਏ ਕਾਲੇ ਖੇਤੀ ਕਾਨੂੰਨਾਂ ਦੀ ਨਿਖੇਧੀ ਕਰਦਿਆਂ, ਇਨ੍ਹਾਂ ਨੂੰ ਜਲਦੀ ਵਾਪਸ ਲੈਣ ਦੀ ਅਪੀਲ ਕੀਤੀ। ਇਸ ਮੁਜ਼ਾਹਰੇ ਵਿੱਚ ਆਏ ਹੋਏ ਕਵੀਆਂ ਵੱਲੋਂ ਕਿਸਾਨ ਪੱਖੀ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਮੰਚ ਸੰਚਾਲਨ ਜਗਸ਼ਰਨ ਸਿੰਘ ਛੀਨਾ ਵੱਲੋਂ ਸੰਤ ਰਾਮ ਉਦਾਸੀ ਦੇ ਗੀਤ ਨਾਲ ਕੀਤਾ ਗਿਆ। ਕਵੀਆਂ ਵਿੱਚ ਮੰਚ ਦੇ ਚੇਅਰਮੈਨ ਰਾਵਿੰਦਰ ਸਿੰਘ ਦੀਵਾਨਾ, ਗੁਰਵਿੰਦਰ ਸਿੰਘ ਸ਼ੇਰਗਿੱਲ, ਦਲਬੀਰ ਕਲੇਰ, ਮਲਕੀਤ ਸਿੰਘ ਮਾਲੜਾ ਆਦਿ ਸ਼ਾਮਿਲ ਸਨ। ਇਸ ਦੌਰਾਨ ਬਲਕੌਰ ਸਿੰਘ ਗਿੱਲ, ਕਰਮਜੀਤ ਸਿੰਘ ਔਜਲਾ, ਹਰਗੁਰਬਖਸ਼ ਸਿੰਘ ਗਰੇਵਾਲ, ਕਮਲ ਅਕਾਡਮੀ ਦੇ ਸੰਚਾਲਕ ਕਮਲਦੀਪ ਸਿੰਘ ਵੱਲੋਂ ਸੰਬੋਧਨ ਕੀਤਾ ਗਿਆ।