ਗੁਰਿੰਦਰ ਸਿੰਘ
ਲੁਧਿਆਣਾ, 23 ਜੁਲਾਈ
ਖੱਬੇ ਪੱਖੀ ਟਰੇਡ ਯੂਨੀਅਨਾਂ ਵੱਲੋਂ ਰੱਖਿਆ ਉਤਪਾਦਨ ਖੇਤਰ ਦੇ ਨਿੱਜੀਕਰਨ ਖ਼ਿਲਾਫ਼ ਰੋਸ ਮੁਜ਼ਾਹਰਾ ਕਰਕੇ ਪ੍ਰਧਾਨ ਮੰਤਰੀ ਦੇ ਨਾਮ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੰਦਿਆਂ ਚੱਲ ਰਹੇ ਸੰਘਰਸ਼ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਜਤਿੰਦਰ ਪਾਲ ਸਿੰਘ (ਸੀਟੂ), ਗੁਰਜੀਤ ਸਿੰਘ ਅਤੇ ਜਗਪਾਲ ਸਿੰਘ (ਇੰਟਕ) ,ਵਿਜੈ ਕੁਮਾਰ (ਏਟਕ), ਸੁਖਮਿੰਦਰ ਸਿੰਘ ਲੋਟੇ, ਜਗਦੀਸ਼ ਚੰਦ (ਸੀਟੀਯੂ ਪੰਜਾਬ), ਐਮਐਸ ਭਾਟੀਆ (ਏਟਕ) ਅਤੇ ਬਲਦੇਵ ਮੋਦਗਿਲ (ਇੰਟਕ) ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਰੱਖਿਆ ਨਾਲ ਜੁੜੇ ਉਤਪਾਦਨ ਦਾ ਇੱਕ ਮਹੱਤਵਪੂਰਨ ਹਿੱਸਾ 100 ਫ਼ੀਸਦੀ ਐਫਡੀਆਈ ਦੀ ਆਗਿਆ ਦੇਕੇ ਦੇਸੀ ਅਤੇ ਵਿਦੇਸ਼ੀਦੋਵੇਂ ਨਿੱਜੀ ਖੇਤਰ ਵਿੱਚ ਆਊਟਸੋਰਸ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੇਂਦਰੀ ਟਰੇਡ ਯੂਨੀਅਨਾਂ ਇੰਟਕ, ਏਟਕ, ਐਚ ਐਮ ਐਸ, ਸੀਟੂ, ਏ ਆਈ ਯੂ ਟੀ, ਯੂ ਸੀ ਟੀ ਯੂ ਸੀ ਸੀ, ਏ ਆਈ ਸੀ ਸੀ ਟੀ ਯੂ, ਐਲ ਪੀ ਐਫ, ਯੂ ਟੀ ਯੂ ਸੀ, ਸੁਤੰਤਰ ਫੈਡਰੇਸ਼ਨਾਂ ਅਤੇ ਐਸੋਸੀਏਸ਼ਨਾਂ ਦੇ ਸੰਯੁਕਤ ਪਲੇਟਫਾਰਮ ਵੱਲੋਂ ਰੱਖਿਆ ਉਤਪਾਦਨ ਕਰਮਚਾਰੀਆਂ ਦੀਆਂ ਪੰਜ ਫੈਡਰੇਸ਼ਨਾਂ ਦੀ ਸਾਂਝੀ ਅਗਵਾਈ ਹੇਠ ਕੇਂਦਰ ਸਰਕਾਰ ਵਲੋਂ ਰੱਖਿਆ ਉਤਪਾਦਨ ਸੈਕਟਰ ਅਤੇ ਆਰਡਨੈਂਸ ਫੈਕਟਰੀਜ਼ ਨੈਟਵਰਕ ਦਾ ਨਿੱਜੀਕਰਨ ਕਰਨ ਵਿਰੁੱਧ ਚੱਲ ਰਹੇ ਸੰਘਰਸ਼ ਨੂੰ ਇਨਸਾਫ਼ ਦੀ ਪ੍ਰਾਪਤੀ ਤੱਕ ਜਾਰੀ ਰੱਖਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਇਹ ਸਾਰੇ ਉਪਾਅ ਰੱਖਿਆ ਫੋਰਸਾਂ ਦੀਆਂ ਸਾਰੀਆਂ ਬੁਨਿਆਦੀ ਲੋੜਾਂ ਦੇ ਦੇਸੀ ਉਤਪਾਦਨ ਨੈਟਵਰਕ ਨੂੰ ਗੰਭੀਰਤਾ ਨਾਲ ਕਮਜ਼ੋਰ ਕਰਨ ਵਾਲੇ ਅਤੇ ਰਾਸ਼ਟਰੀ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਹਨ। ਇਸ ਮੌਕੇ ਕੇਂਦਰ ਸਰਕਾਰ ਦੇ ਆਰਡੀਨੈਂਸ ਦੀਆਂ ਕਾਪੀਆਂ ਵੀ ਫੂਕੀਆਂ ਗਈਆਂ।
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਮੋਦੀ ਸਰਕਾਰ ਵੱਲੋਂ 30 ਜੂਨ ਤੋਂ ਜ਼ਰੂਰੀ ਸੁਰੱਖਿਆ ਸੇਵਾਵਾਂ ਐਕਟ-2021 ਨੂੰ ਫੌਰੀ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਹੈ ਜਿਸਦੇ ਵਿਰੁੱਧ ਅੱਜ 10 ਕੇਂਦਰੀ ਟਰੇਡ ਯੂਨੀਅਨਾਂ ਅਤੇ ਉਦਯੋਗਵਾਰ ਫੈਡਰੇਸ਼ਨਾਂ ਦੇ ਸੱਦੇ ’ਤੇ ਮਗਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਸੀਟੂ ਵਲੋਂ ਮਾਛੀਵਾੜਾ ਦੇ ਚਰਨ ਕੰਵਲ ਚੌਂਕ ਵਿਚ ਪ੍ਰਧਾਨ ਭਜਨ ਕੌਰ ਅਤੇ ਕੁਲਵੰਤ ਕੌਰ ਨੀਲੋਂ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕਰ ਕੇ ਮਜ਼ਦੂਰ ਵਿਰੋਧੀ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਸੀਟੂ ਦੇ ਸੂਬਾ ਸਕੱਤਰ ਸਾਥੀ ਅਮਰਨਾਥ ਕੂੰਮਕਲਾਂ, ਮੀਤ ਪ੍ਰਧਾਨ ਪਰਮਜੀਤ ਨੀਲੋਂ, ਸੂਬਾਈ ਆਗੂ ਸਤਪਾਲ ਜੋਸ਼ੀਲਾ ਨੇ ਕਿਹਾ ਕਿ ਇਹ ਕਾਨੂੰਨ ਰੱਖਿਆ ਵਿਭਾਗ ਦੇ 41 ਗ਼ੈਰ-ਫੌਜੀ ਕਾਰਖਾਨਿਆਂ ਦੇ ਨਿੱਜੀਕਰਨ ਅਤੇ 76000 ਕਰਮਚਾਰੀਆਂ ਨੂੰ ਕਿਸੇ ਤਰ੍ਹਾਂ ਦੀ ਹੜਤਾਲ ਕਰਨ ਤੋਂ ਵਾਂਝਾ ਕਰਦਾ ਹੈ।