ਜਸਬੀਰ ਸ਼ੇਤਰਾ/ਚਰਨਜੀਤ ਢਿੱਲੋਂ
ਜਗਰਾਉਂ, 16 ਜੂਨ
ਇੱਥੇ ਸਿਵਲ ਹਸਪਤਾਲ ’ਚ ਡੋਪ ਟੈਸਟਾਂ ’ਚ ਕਥਿਤ ਗੜਬੜੀ ਖ਼ਿਲਾਫ਼ ਤਿੰਨ ਦਿਨ ਪਹਿਲਾਂ ਸ਼ੁਰੂ ਹੋਇਆ ਵਿਵਾਦ ਅੱਜ ਉਦੋਂ ਹੋਰ ਭਖ਼ ਗਿਆ ਜਦੋਂ ਜਨਤਕ ਜਥੇਬੰਦੀਆਂ ਨੇ ਸਿਵਲ ਹਸਪਤਾਲ ਮੂਹਰੇ ਇਕੱਤਰ ਹੋ ਕੇ ਮੁਜ਼ਾਹਰਾ ਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮੁਜ਼ਾਹਰਾਕਾਰੀ ਪੰਜਾਬ ਦੇ ਅੱਵਲ ਦਰਜਾ ਪ੍ਰਾਪਤ ਸਿਵਲ ਹਸਪਤਾਲ ਦੇ ਇੱਕੀਵੇਂ ਸਥਾਨ ’ਤੇ ਖਿਸਕਣ ਲਈ ਸਥਾਨਕ ਸੀਨੀਅਰ ਮੈਡੀਕਲ ਅਫ਼ਸਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਸਨ। ਉਨ੍ਹਾਂ ਸਰਕਾਰ ਤੋਂ ਡੋਪ ਟੈਸਟ, ਕੰਟੀਨ ’ਚ ਹੋਣ ਤੇ ਹੋਰ ਗੜਬੜੀਆਂ ਸਬੰਧੀ ਜਾਂਚ ਦੀ ਮੰਗ ਕੀਤੀ। ਇਸ ਸਬੰਧੀ ਬਾਅਦ ’ਚ ਸਬ ਡਵੀਜ਼ਨਲ ਮੈਜਿਸਟਰੇਟ ਵਿਕਾਸ ਹੀਰਾ ਨੂੰ ਮੰਗ-ਪੱਤਰ ਵੀ ਦਿੱਤਾ। ਇਸ ਤੋਂ ਪਹਿਲਾਂ ਕੱਲ੍ਹ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਇਸ ਮੁੱਦੇ ’ਤੇ ਘੋਖ ਲਈ ਸਿਵਲ ਹਸਪਤਾਲ ਦਾ ਦੌਰਾ ਕਰਨ ਪੁੱਜੇ ਸਨ। ਉਨ੍ਹਾਂ ਐੱਸਐੱਮਓ ਦੀ ‘ਕਲਾਸ’ ਵੀ ਲਗਾਈ ਸੀ ਅਤੇ ਸੁਧਾਰ ਲਿਆਉਣ ਲਈ ਕਿਹਾ ਸੀ।
ਮੁਜ਼ਾਹਰੇ ਦੌਰਾਨ ਅੱਜ ਇਨਕਲਾਬੀ ਕੇਂਦਰ ਪੰਜਾਬ ਦੇ ਸਕੱਤਰ ਕੰਵਲਜੀਤ ਖੰਨਾ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਬੀਕੇਯੂ ਡਕੌਂਦਾ ਆਗੂ ਮਹਿੰਦਰ ਸਿੰਘ ਕਮਾਲਪੁਰਾ, ਜਗਤਾਰ ਸਿੰਘ ਦੇਹੜਕਾ, ਇੰਦਰਜੀਤ ਸਿੰਘ ਧਾਲੀਵਾਲ, ਗੁਰਮੇਲ ਸਿੰਘ ਰੂਮੀ, ਬਲਬੀਰ ਸਿੰਘ ਚੌਕੀਮਾਨ, ਮਨੋਹਰ ਸਿੰਘ ਝੋਰੜਾਂ ਅਤੇ ਤਾਰਾ ਸਿੰਘ ਅੱਚਰਵਾਲ ਆਦਿ ਨੇ ਕਿਹਾ ਕਿ ਸਿਵਲ ਹਸਪਤਾਲ ’ਚ ਡੋਪ ਟੈਸਟਾਂ ’ਚ ਹੋ ਰਹੇ ਕਥਿਤ ਭ੍ਰਿਸ਼ਟਾਚਾਰ ਖ਼ਿਲਾਫ਼ ਦੀ ਪੰਜਾਬ ਸਰਕਾਰ ਨੂੰ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਇਸ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਨੰਗਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੇਵਾ ਸੰਭਾਲ ਅਤੇ ਪ੍ਰਬੰਧ ਦੇ ਮਾਮਲੇ ’ਚ ਸਥਾਨਕ ਸਿਵਲ ਹਸਪਤਾਲ ਪਹਿਲੇ ਨੰਬਰ ਤੋਂ ਇੱਕੀਵੇਂ ਨੰਬਰ ’ਤੇ ਆ ਜਾਣ ਨੇ ਸਾਬਤ ਕਰ ਦਿੱਤਾ ਹੈ ਕਿ ਹਸਪਤਾਲ ਮੁਖੀ ਦਾ ਸਿਹਤ ਸੇਵਾਵਾਂ ਪ੍ਰਤੀ ਕੋਈ ਸਰੋਕਾਰ ਨਹੀਂ ਹੈ ਸਗੋਂ ਉਸ ਨੇ ਲੈਬਾਰਟਰੀ ਦਾ ਸਾਰਾ ਸਟਾਫ਼ ਬਦਲ ਕੇ ਇਹ ਕੰਮ ਖੁਦ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਕੰਮ ’ਚ ਉਸ ਦਾ ਹਸਪਤਾਲ ’ਚ ਤਾਇਨਾਤ ਇਕ ਬਦਨਾਮ ਕਰਮਚਾਰੀ ਤੇ ਕੰਟੀਨ ਦਾ ਠੇਕੇਦਾਰ ਸਾਥ ਦੇ ਰਿਹਾ ਹੈ। ਇਸ ਸਬੰਧੀ ਹਸਪਤਾਲ ਮੂਹਰੇ ਰੈਲੀ ਦੌਰਾਨ ਆਗੂਆਂ ਨੇ ਐੱਸਐੱਮਓ ਨੂੰ ਬਦਲਣ ਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ। ਮੁਜ਼ਾਹਰਾਕਾਰੀਆਂ ਨੇ ਸਿਵਲ ਹਸਪਤਾਲ ’ਚ ਪਿਛਲੇ ਲੰਮੇ ਅਰਸੇ ਤੋਂ ਖਾਲੀ ਪਈ ਮੈਡੀਸਨ ਡਾਕਟਰ ਦੀ ਪੋਸਟ ’ਤੇ ਯੋਗ ਡਾਕਟਰ ਤਾਇਨਾਤ ਕਰਨ, ਹਸਪਤਾਲ ਦੇ ਸਾਈਕਲ ਸਟੈਂਡ ’ਤੇ ਨਾਜਾਇਜ਼ ਉਗਰਾਹੀ ਬੰਦ ਕਰਨ ਦੀ ਮੰਗ ਵੀ ਕੀਤੀ। ਐੱਸਐੱਮਓ ਡਾ. ਪਰਦੀਪ ਮਹਿੰਦਰਾ ਦਾ ਕਹਿਣਾ ਸੀ ਕਿ ਡੋਪ ਟੈਸਟਾਂ ’ਚ ਕੋਈ ਗੜਬੜੀ ਨਹੀਂ ਹੋਈ ਤੇ ਹੁਣ ਉਹ ਖੁਦ ਸਾਰਾ ਕੰਮ ਦੇਖ ਰਹੇ ਹਨ।