ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 11 ਅਕਤੂਬਰ
ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਖਿਲਾਫ਼ ਸ਼ਹਿਰ ਦੇ ਵਕੀਲ ਭਾਈਚਾਰੇ ਨੇ ਵੱਖਰਾ ਪ੍ਰਦਰਸ਼ਨ ਕੀਤਾ ਹੈ। ਵਕੀਲ ਆਪਣੇ ਸਾਥੀਆਂ ਦੇ ਨਾਲ ਘੋੜਾ ਗੱਡੀ (ਰੇਹੜੇ) ’ਤੇ ਸਵਾਰ ਹੋ ਕੇ ਕਚਿਹਰੀ ਪੁੱਜੇ ਤੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਨਾਲ ਆਮ ਜਨਤਾ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੀ ਹੈ।
ਵਕੀਲ ਨਰਿੰਦਰ ਆਦੀਆ ਆਪਣੇ ਸਾਥੀ ਵਕੀਲਾਂ ਨਾਲ ਅੱਜ ਘਰ ਤੋਂ ਘੋੜਾ ਗੱਡੀ ਲੈ ਕੇ ਕਚਹਿਰੀ ਪੁੱਜੇ, ਜਿਸ ਨੂੰ ਉਨ੍ਹਾਂ ਦਾ ਸਾਥੀ ਚਲਾ ਰਿਹਾ ਸੀ। ਉਨ੍ਹਾਂ ਨੇ ਕਚਹਿਰੀ ਦੇ ਕੋਲ ਹੀ ਇੱਕ ਪੈਟਰੋਲ ਪੰਪ ’ਤੇ ਖੜ੍ਹੇ ਹੋ ਕੇ ਰੋਸ ਜ਼ਾਹਰ ਕੀਤਾ ਤੇ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਉਹ ਹੱਥਾਂ ’ਚ ਸਰਕਾਰ ਖਿਲਾਫ਼ ਤਖਤੀਆਂ ਫੜ੍ਹ ਕੇ ਨਾਅਰੇਬਾਜ਼ੀ ਕਰ ਰਹੇ ਸਨ। ਨਰਿੰਦਰ ਆਦੀਆ ਤੇ ਉਨ੍ਹਾਂ ਦੇ ਸਾਥੀ ਘੋੜਾ ਗੱਡੀ ’ਤੇ ਕਚਹਿਰੀ ਪੁੱਜੇ ਅਤੇ ਉਥੇ ਵੀ ਨਾਅਰੇਬਾਜ਼ੀ ਕੀਤੀ। ਇਸ ਸਮੇਂ ਉਨ੍ਹਾਂ ਨਾਲ ਹੋਰ ਵਕੀਲਾਂ ਨੇ ਵੀ ਪ੍ਰਦਰਸ਼ਨ ਕੀਤਾ। ਵਕੀਲ ਨਰਿੰਦਰ ਆਦੀਆ ਨੇ ਕਿਹਾ ਕਿ ਵਕਾਲਤ ਦੇ ਨਾਲ ਨਾਲ ਉਹ ਲੋਕਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਵੀ ਚੁੱਕਦੇ ਆਏ ਹਨ ਤੇ ਉਨ੍ਹਾਂ ਦੇ ਵੱਲੋਂ ਇਹ ਰੋਸ ਪ੍ਰਦਰਸ਼ਨ ਪੈਟਰੋਲ ਡੀਜ਼ਲ ਦੇ ਵੱਧ ਰਹੇ ਭਾਅ ਨੂੰ ਲੈ ਕੇ ਆਮ ਲੋਕਾਂ ਦੀਆਂ ਆਵਾਜ਼ ਸਰਕਾਰਾਂ ਦੇ ਕੰਨ੍ਹਾਂ ਤੱਕ ਪਹੁੰਚਾਉਣ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਮੁਤਾਬਕ ਸਰਕਾਰ ਨੇ ਹਾਲਾਤ ਹੀ ਅਜਿਹੇ ਕਰ ਦਿੱਤੇ ਹਨ ਕਿ ਆਮ ਵਿਅਕਤੀ ਕੋਲ ਪੈਟਰੋਲ ਪਵਾਉਣ ਲਈ ਪੈਸੇ ਤੱਕ ਨਹੀਂ ਹਨ। ਅੱਜ ਪੈਟਰੋਲ ਦੀ ਕੀਮਤ 106 ਰੁਪਏ ਦੇ ਕਰੀਬ ਪੁੱਜ ਗਈ ਹੈ ਤੇ ਗੱਡੀ ’ਤੇ ਪੈਸਾ ਖਰਚ ਕਰਨਾ ਹਰ ਵਿਅਕਤੀ ਦੇ ਵੱਸ ਦੀ ਗੱਲ ਨਹੀਂ ਹੈ।
ਲਗਾਤਾਰ ਵਧ ਰਹੀਆਂ ਨੇ ਤੇਲ ਦੀਆਂ ਕੀਮਤਾਂ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਅੱਜ ਪੈਟਰੋਲ ਦੀ ਕੀਮਤ 106.39 ਅਤੇ ਡੀਜ਼ਲ ਦੀ ਕੀਮਤ 96.13 ਰੁਪਏ ’ਤੇ ਪੁੱਜ ਗਈ ਹੈ। ਪੈਟਰੋਲ ਪੰਪ ਐਸੋਸੀਏਸ਼ਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਤੇ ਸਕੱਤਰ ਰਾਜੀਵ ਮਿੱਤਲ ਅਨੁਸਾਰ ਪੈਟਰੋਲ ਦੀਆਂ ਕੀਮਤਾਂ ’ਚ ਪਿਛਲੇ 10 ਦਿਨਾਂ ਤੋਂ ਕਦੇ 10 ਪੈਸੇ ਅਤੇ ਕਦੇ 20 ਪੈਸੇ ਦਾ ਵਾਧਾ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਇੱਕ ਮਹੀਨੇ ਤੱਕ ਤੇਲ ਦੀਆਂ ਕੀਮਤਾਂ ’ਚ ਵਾਧਾ ਨਹੀਂ ਹੋਇਆ ਸੀ। ਇਸ ਨਾਲ ਇਕੱਲੇ ਉਪਭੋਗਤਾ ਹੀ ਨਹੀਂ ਬਲਕਿ ਉਹ ਵੀ ਪ੍ਰੇਸ਼ਾਨ ਹਨ।