ਗਗਨਦੀਪ ਅਰੋੜਾ
ਲੁਧਿਆਣਾ, 10 ਅਕਤੂਬਰ
ਹਾਥਰਸ ਵਿਚ ਹੋਏ ਦਲਿਤ ਲੜਕੀ ਨਾਲ ਜਬਰ-ਜਨਾਹ ਤੇ ਕਤਲ ਦੇ ਮਾਮਲੇ ਵਿਚ ਅੱਜ ਵਾਲਮੀਕਿ ਭਾਈਚਾਰੇ ਨੇ ਸ਼ਹਿਰ ਦੇ ਬਾਜ਼ਾਰ ਬੰਦ ਕਰਵਾਏ। ਵਾਲਮੀਕਿ ਭਾਈਚਾਰੇ ਦੇ ਲੋਕਾਂ ਨੇ ਪਹਿਲਾਂ ਹੀ ਬੰਦ ਦਾ ਸੱਦਾ ਦਿੱਤਾ ਸੀ। ਜਿਸ ਤੋਂ ਬਾਅਦ ਸਵੇਰੇ ਹੀ ਲੋਕਾਂ ਨੇ ਵੱਖ-ਵੱਖ ਬਾਜ਼ਾਰਾਂ ਵਿਚ ਜਾ ਕੇ ਦੁਕਾਨਾਂ ਬੰਦ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ। ਸ਼ਹਿਰ ਦੇ ਕਈ ਇਲਾਕਿਆਂ ਵਿਚ ਵੱਖ-ਵੱਖ ਵਾਲਮੀਕਿ ਭਾਈਚਾਰੇ ਦੇ ਲੋਕਾਂ ਨੇ ਪ੍ਰਦਰਸ਼ਨ ਕੀਤੇ ਤੇ ਯੋਗੀ ਸਰਕਾਰ ਦੇ ਪੁਤਲੇ ਵੀ ਸਾੜੇ। ਧਰਨੇ ਪ੍ਰਦਰਸ਼ਨਾਂ ਕਾਰਨ ਕਈ ਥਾਂਵਾਂ ’ਤੇ ਜਾਮ ਵਰਗੇ ਹਾਲਾਤ ਵੀ ਹੋ ਗਏ। ਘੰਟਾ ਘਰ ਚੌਕ ਵਿਚ ਕਈ ਘੰਟੇ ਜਾਮ ਰੱਖਿਆ ਗਿਆ। ਇਸੇ ਕਾਰਨ ਪੂਰਾ ਦਿਨ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਸਮਰਾਲਾ (ਡੀਪੀਐੱਸ ਬਤਰਾ): ਹਾਥਰਸ ਦੀ ਬੇਟੀ ਲਈ ਇਨਸਾਫ ਦੀ ਮੰਗ ਨੂੰ ਲੈ ਕੇ ਵਾਲਮੀਕ ਭਾਈਚਾਰੇ ਵੱਲੋਂ ਪੰਜਾਬ ਬੰਦ ਦੇ ਸੱਦੇ ਨੂੰ ਸਮਰਾਲਾ ਵਿੱਚ ਜਬਰਦਸਤ ਸਮਰਥਨ ਦਿੰਦੇ ਹੋਏ ਵਪਾਰ ਮੰਡਲ ਅਤੇ ਦੁਕਾਨਦਾਰਾਂ ਵੱਲੋਂ ਆਪਣੇ ਕਾਰੋਬਾਰ ਪੂਰਣ ਰੂਪ ਵਿੱਚ ਬੰਦ ਰੱਖੇ ਗਏ। ਹਾਥਰਸ ਵਿੱਚ ਇੱਕ ਦਲਿਤ ਲੜਕੀ ਨਾਲ ਵਾਪਰੀ ਸ਼ਰਮਨਾਕ ਘਟਨਾ ਮਗਰੋਂ ਉਸ ਦੀ ਹੋਈ ਮੌਤ ਲਈ ਜ਼ਿੰਮੇਵਾਰ ਮੁਲਜਮਾਂ ਖ਼ਿਲਾਫ਼ ਢੁਕਵੀਂ ਕਾਰਵਾਈ ਦੀ ਮੰਗ ਨੂੰ ਲੈ ਕੇ ਭਾਰਤੀ ਵਾਲਮੀਕ ਧਰਮ ਸਮਾਜ ਵੱਲੋਂ ਅੱਜ ਇਹ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਸ ਦੌਰਾਨ ਸ਼ਹਿਰ ਵਿੱਚ ਵਾਲਮੀਕ ਧਰਮ ਸਮਾਜ ਵੱਲੋਂ ਕੀਤੇ ਗਏ ਭਾਰੀ ਰੋਸ ਪ੍ਰਦਸ਼ਨ ਵਿੱਚ ਕਾਂਗਰਸ, ਅਕਾਲੀ ਦਲ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਮੂਲੀਅਤ ਕਰਦੇ ਹੋਏ ਯੋਗੀ ਸਰਕਾਰ ਨੂੰ ਬਰਖਾਸਤ ਕੀਤੇ ਜਾਣ ਦੀ ਮੰਗ ਵੀ ਕੀਤੀ ਗਈ ਹੈ।
ਰਾਏਕੋਟ (ਰਾਮ ਗੋਪਾਲ ਰਾਏਕੋਟੀ): ਯੂਪੀ ਦੇ ਹਾਥਰਸ ਜ਼ਿਲ੍ਹੇ ਵਿੱਚ ਇਕ ਦਲਿਤ ਲੜਕੀ ਦੀ ਜਬਰ-ਜਨਾਹ ਤੋਂ ਬਾਅਦ ਹੋਈ ਮੌਤ ਦੇ ਰੋਸ ਵਜੋਂ ਦਲਿਤ ਜਥੇਬੰਦੀਆਂ ਵੱਲੋਂ ਦਿੱਤੇ ਗਏ ਅੱਜ ਦੇ ਪੰਜਾਬ ਬੰਦ ਦੇ ਸੱਦੇ ’ਤੇ ਸ਼ਹਿਰ ਦੀਆਂ ਸਮੂਹ ਵਪਾਰਕ ਜਥੇਬੰਦੀਆਂ ਵੱਲੋਂ ਦੁਪਹਿਰ 12 ਵਜੇ ਤੱਕ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ। ਭਾਵਾਧਸ ਦੀ ਰਾਏਕੋਟ ਤਹਿਸੀਲ ਇਕਾਈ ਦੇ ਪ੍ਰਧਾਨ ਦਵਿੰਦਰ ਗਿੱਲ ਬੌਬੀ ਦੀ ਅਗਵਾਈ ਹੇਠ ਦਲਿਤ ਭਾਈਚਾਰੇ ਵੱਲੋਂ ਸ਼ਹਿਰ ਦੇ ਤਲਵੰਡੀ ਗੇਟ ਸਾਹਮਣੇ ਇਕ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਅਤੇ ਉਕਤ ਘਟਨਾਵਾਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੀ ਮੰਗ ਕਰਦੇ ਹੋਏ ਜ਼ੋਰਦਾਰ ਨਾਅਰੇਬਾਜੀ ਕੀਤੀ।
ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਇੱਥੇ ਈਸਟ ਮੋਤੀ ਬਾਗ ਕੱਚਾ ਮਲਕ ਰੋਡ ਦੇ ਵਸਨੀਕਾਂ ਨੇ ਯੂਪੀ ਦੇ ਹਾਥਰਸ ਅਤੇ ਬਲਰਾਮਪੁਰ ’ਚ ਮਾਸੂਮ ਬੱਚੀਆਂ ਨਾਲ ਜਬਰ-ਜਨਾਹ ਮਗਰੋਂ ਕਤਲ ਦੀਆਂ ਵਾਪਰੀਆਂ ਹੌਲਨਾਕ ਘਟਨਾਵਾਂ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮੋਮਬੱਤੀ ਮਾਰਚ ਕੱਢਿਆ ਗਿਆ। ਕਲੋਨੀ ਦੇ ਮੁੱਖ ਗੇਟ ’ਤੇ ਇਕੱਤਰ ਹੋਏ ਲੋਕਾਂ ਨੂੰ ਰੈਜ਼ੀਡੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਕੰਵਲਜੀਤ ਖੰਨਾ ਨੇ ਸੰਬੋਧਨ ਹੁੰਦਿਆਂ ਆਖਿਆ ਕਿ ਦੇਸ਼ ਭਰ’ਚ ਔਰਤਾਂ, ਬੱਚੀਆਂ ਨਾਲ ਅਜਿਹੀਆਂ ਘਟਨਾਵਾਂ ਵਾਪਰਨ ’ਚ ਤਿੱਖਾ ਵਾਧਾ ਹੋ ਰਿਹਾ ਹੈ। ਰੋਜ਼ਾਨਾ ਹਰ ਅੱਧੇ ਘੰਟੇ ’ਚ ਇੱਕ ਔਰਤ ਜਬਰ, ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੁੰਦੀ ਹੈ।
ਮਾਛੀਵਾੜਾ ਬਾਜ਼ਾਰ ਰਿਹਾ ਮੁਕੰਮਲ ਬੰਦ
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਅੱਜ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਵਾਲਮੀਕ ਮੰਦਿਰ ਕਮੇਟੀ, ਅਧਿਆਪਕ ਯੂਨੀਅਨ, ਨਗਰ ਕੌਂਸਲ ਸਫ਼ਾਈ ਸੇਵਕ ਯੂਨੀਅਨ, ਬਸਪਾ ਅਤੇ ਭਾਵਾਧਸ ਵੱਲੋਂ ਮਾਛੀਵਾੜਾ ਸ਼ਹਿਰ ’ਚ ਮਾਰਚ ਕਰ ਕੇ ਗੈਂਗਰੇਪ ਪੀੜਤ ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਨਾਅਰੇਬਾਜ਼ੀ ਕਰਦਿਆਂ ਉੱਤਰ ਪ੍ਰਦੇਸ਼ ਤੇ ਕੇਂਦਰ ਸਰਕਾਰ ਦੀਆਂ ਧੱਕੇਸ਼ਾਹੀਆਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਇਸ ਮੌਕੇ ਮਾਛੀਵਾੜਾ ਦਾ ਬਾਜ਼ਾਰ ਵੀ ਮੁਕੰਮਲ ਬੰਦ ਕਰ ਰਿਹਾ। ਅਧਿਆਪਕ ਆਗੂ ਬਲਜਿੰਦਰ ਸਿੰਘ ਰਤੀਪੁਰ ਨੇ ਸੰਬੋਧਨ ਕਰਦਿਆਂ ਕਿ ਭਾਰਤ ’ਚ ਐੱਸਸੀ/ਐੱਸਟੀ ਤੇ ਘੱਟ ਗਿਣਤੀਆਂ ਨੂੰ ਜਾਣ ਬੁਝ ਕੇ ਹਿੰਸਾ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਤੇ ਮਨੀਸ਼ਾ ਵਾਲਮੀਕਿ ਨਾਲ ਵਾਪਰਿਆ ਕਾਰਾ ਗਰੀਬ ਲੋਕਾਂ ਨੂੰ ਦਬਾ ਕੇ ਰੱਖਣ ਦਾ ਹੀ ਨਮੂਨਾ ਹੈ। ਭਾਵਾਧਸ ਆਗੂ ਜਤਿੰਦਰ ਬਾਲੀ ਨੇ ਕਿਹਾ ਕਿ ਮਨੀਸ਼ਾ ਵਾਲਮੀਕਿ ਦੇ ਕਾਤਲਾਂ ਨੂੰ ਫਾਂਸੀ ਦੀ ਫੰਦੇ ਤੱਕ ਲਿਜਾਣ ਲਈ ਨਿਰੰਤਰ ਸੰਘਰਸ਼ ਕੀਤਾ ਜਾਵੇਗਾ।
ਯੋਗੀ ਸਰਕਾਰ ਖ਼ਿਲਾਫ਼ ਪੁਤਲਾ ਫ਼ੂਕ ਮੁਜ਼ਾਹਰਾ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੇ ਰਾਸ਼ਟਰੀ ਨਿਰਦੇਸ਼ਕ ਨਰੇਸ਼ ਧੀਂਗਾਨ ਦੀ ਅਗਵਾਈ ਹੇਠ ਸੈਂਕੜੇ ਵਰਕਰਾਂ ਨੇ ਅੱਜ ਢੋਲੇਵਾਲ ਚੌਂਕ ਵਿੱਚ ਹਾਥਰਸ ਕਾਂਡ ਦੇ ਵਿਰੋਧ ਵਿੱਚ ਮੁੱਖ ਮੰਤਰੀ ਯੋਗੀ ਅਦਿੱਤਯਨਾਥ ਦਾ ਪੁਤਲਾ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਨਰੇਸ਼ ਧੀਂਗਾਨ ਨੇ ਕਿਹਾ ਕਿ ਅੱਧੀ ਰਾਤ ਨੂੰ ਲੜਕੀ ਦੀ ਲਾਸ਼ ਫੂਕਣ ਵਾਲੇ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ’ਤੇ ਵੀ 302 ਦਾ ਕੇਸ ਦਰਜ ਕਰ ਕੇ ਕਾਰਵਾਈ ਕਰਨ ਦੇ ਨਾਲ-ਨਾਲ ਦਲਿਤ ਬੇਟੀਆਂ ਦੀ ਸੁਰੱਖਿਆ ਕਰਨ ਵਿੱਚ ਫੇਲ੍ਹ ਰਹੀ ਉੱਤਰ ਪ੍ਰਦੇਸ਼ ਸਰਕਾਰ ਨੂੰ ਬਰਖਾਸਤ ਕਰ ਕੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ।