ਖੇਤਰੀ ਪ੍ਰਤੀਨਿਧ
ਲੁਧਿਆਣਾ, 27 ਫ਼ਰਵਰੀ
ਇਥੇ ਸਮਾਜ ਸੇਵੀ ਸੰਸਥਾ ਮਹਾਸਭਾ ਲੁਧਿਆਣਾ ਵੱਲੋਂ ਅੱਜ ਸਾਮਰਾਜੀ ਰੂਸ ਵੱਲੋਂ ਯੂਕਰੇਨ ਉੱਪਰ ਕੀਤੇ ਹਮਲੇ ਖ਼ਿਲਾਫ਼ ਲੁਧਿਆਣਾ ਵਿੱਚ ਆਵਾਜ਼ ਉਠਾਈ ਗਈ। ਸਥਾਨਕ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਵਿੱਚ ਸੰਸਥਾ ਦੇ ਪ੍ਰਧਾਨ ਕਰਨਲ (ਸੇਵਾਮੁਕਤ) ਜੇਐੱਸ ਬਰਾੜ ਅਤੇ ਜਨਰਲ ਸਕੱਤਰ ਜਸਵੰਤ ਜੀਰਖ ਨੇ ਕਿਹਾ ਕਿ ਯੂਕਰੇਨ ਵਿੱਚ ਸ਼ਾਂਤੀ ਕਰਨ ਦੇ ਬਹਾਨੇ ਉਸਦੇ ਕੁਦਰਤੀ ਭੰਡਾਰਾਂ ਨੂੰ ਲੁੱਟ ਦਾ ਨਿਸ਼ਾਨਾ ਬਣਾ ਕੇ ਮਨੁੱਖਤਾ ਦੀ ਵੱਡੀ ਪੱਧਰ ’ਤੇ ਤਬਾਹੀ ਮਚਾਈ ਜਾ ਰਹੀ ਹੈ। ਉਨ੍ਹਾਂ ਰੂਸ ਅਤੇ ਅਮਰੀਕਾ ਦੀਆਂ ਦੁਨੀਆਂ ਨੂੰ ਲੁੱਟ ਕਰਨ ਦੀਆਂ ਪਸਾਰਵਾਦੀ ਨੀਤੀਆਂ ਦੀ ਸਖ਼ਤ ਨਿੰਦਾ ਕਰਦਿਆਂ ਰੂਸ ਵੱਲੋਂ ਮਨੁੱਖਤਾ ਦਾ ਘਾਣ ਕਰਨ ਖ਼ਿਲਾਫ਼ ਲੋਕ ਆਵਾਜ਼ ਉਠਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ਵਿੱਚ ਆਪਣੀ ਲੁੱਟ ਤੇਜ਼ ਕਰਨ ਲਈ ਉਪਰੋਕਤ ਦੋਵੇਂ ਮੁਲਕ (ਰੂਸ ਤੇ ਅਮਰੀਕਾ) ਆਪਣੀਆਂ ਮੰਡੀਆਂ ਬਣਾਉਣ ਦੀ ਹਵਸ ਵਿੱਚ ਮਨੁੱਖਤਾ ਦੀ ਬਰਬਾਦੀ ਦਾ ਕਾਰਨ ਬਣਕੇ ਅਸ਼ਾਂਤੀ ਪੈਦਾ ਕਰਨ ਵਿੱਚ ਇਕ ਦੂਜੇ ਤੋਂ ਅੱਗੇ ਹਨ। ਇਸ ਲਈ ਇਨ੍ਹਾਂ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਆਵਾਜ਼ ਉਠਾਉਣੀ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਬਲਕੌਰ ਸਿੰਘ ਗਿੱਲ, ਡਾ. ਦਰਸਣ ਸਿੰਘ ਖੇੜੀ, ਮਾਸਟਰ ਭਜਨ ਸਿੰਘ, ਐਡਵੋਕੇਟ ਹਰਪ੍ਰੀਤ ਜੀਰਖ, ਕੁਲਵਿੰਦਰ ਸਿੰਘ, ਰਾਕੇਸ ਆਜ਼ਾਦ, ਸਤਨਾਮ ਸਿੰਘ ਧਾਲੀਵਾਲ, ਜਗਜੀਤ ਸਿੰਘ, ਅਰੁਣ ਕੁਮਾਰ, ਸੁਬੇਗ ਸਿੰਘ, ਜ਼ੋਰਾ ਸਿੰਘ, ਰਜੀਵ ਕੁਮਾਰ, ਜਗਧੀਰਜ ਸਿੰਘ, ਬਲਵਿੰਦਰ ਸਿੰਘ ਨੇ ਰੂਸ ਵੱਲੋਂ ਛੇੜੀ ਜੰਗ ਖ਼ਿਲਾਫ਼ ਸ਼ਮੂਲੀਅਤ ਕੀਤੀ।