ਪੱਤਰ ਪ੍ਰੇਰਕ
ਸਮਰਾਲਾ, 1 ਜੁਲਾਈ
ਪਿੰਡ ਉਟਾਲਾਂ ਦੇ ਵਾਸੀਆਂ ਨੇ ਅਤਿ ਦੀ ਗਰਮੀ ਵਿੱਚ ਸਵੇਰ ਤੋਂ ਹੀ ਘਰਾਂ ਦੀ ਬੰਦ ਪਈ ਬਿਜਲੀ ਸਪਲਾਈ ਅੱਧੀ ਰਾਤ ਤੱਕ ਵੀ ਚਾਲੂ ਨਾ ਹੋਣ ’ਤੇ ਵਿਧਾਇਕ ਦੇ ਘਰ ਅੱਗੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਕਈ ਦਿਨਾਂ ਤੋਂ ਬਿਜਲੀ ਕੱਟਾਂ ਦੀ ਕਿੱਲਤ ਝੱਲ ਰਹੇ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਪਾਵਰਕੌਮ ਦੇ ਕਿਸੇ ਵੀ ਅਧਿਕਾਰੀ ਨੇ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ। ਇਸ ਕਾਰਨ ਉਹ ਰਾਤ ਨੂੰ ਹੀ ਸਮਰਾਲਾ ਸ਼ਹਿਰ ਦੇ ਮੇਨ ਚੌਕ ਵਿੱਚ ਪੁੱਜ ਕੇ ਧਰਨੇ ’ਤੇ ਬੈਠ ਗਏ।
ਇਸ ਤੋਂ ਬਾਅਦ ਵੀ ਜਦੋਂ ਕਿਸੇ ਅਧਿਕਾਰੀ ’ਤੇ ਕੋਈ ਅਸਰ ਨਹੀਂ ਹੋਇਆ ਤਾਂ ਪਿੰਡ ਵਾਸੀ ਵਿਧਾਇਕ ਦੀ ਕੋਠੀ ਅੱਗੇ ਪੁੱਜੇ ਅਤੇ ਉੱਥੇ ਜਾ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। 18 ਘੰਟੇ ਤੋਂ ਬਿਜਲੀ ਨਾ ਆਉਣ ’ਤੇ ਅੱਕੇ ਪਿੰਡ ਵਾਸੀਆਂ ਨੇ ਮੁੜ ਚੌਕ ਵਿੱਚ ਧਰਨਾ ਲਗਾ ਦਿੱਤਾ ਅਤੇ ਤੜਕੇ ਡੇਢ ਵਜੇ ਬਿਜਲੀ ਸਪਲਾਈ ਚਾਲੂ ਹੋਣ ’ਤੇ ਹੀ ਪਿੰਡ ਵਾਸੀ ਘਰਾਂ ਨੂੰ ਪਰਤੇ। ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਕਿਹਾ ਕਿ ਰਾਤੀ ਕਿਸੇ ਵੀ ਵਿਅਕਤੀ ਨੇ ਉਨ੍ਹਾਂ ਦੇ ਘਰ ਦੀ ਘੰਟੀ ਨਹੀਂ ਵਜਾਈ ਅਤੇ ਨਾ ਹੀ ਉਨ੍ਹਾਂ ਨੂੰ ਫੋਨ ਕਰਕੇ ਇਸ ਬਾਰੇ ਦੱਸਿਆ।