ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 19 ਮਾਰਚ
ਬੀਤੇ ਦਿਨੀਂ ਨਕੋਦਰ ਦੇ ਪਿੰਡ ਮੱਲ੍ਹੀਆਂ ਵਿੱਚ ਚੱਲਦੇ ਟੂਰਨਾਮੈਂਟ ਦੌਰਾਨ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਕਬੱਡੀ ਪ੍ਰਮੋਟਰ ਤੇ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਪਰਿਵਾਰ ਲਈ ਇਨਸਾਫ਼ ਮੰਗਣ ਲਈ ਇਲਾਕੇ ਦੇ ਖੇਡ ਪ੍ਰੇਮੀਆਂ ਵੱਲੋਂ ਸ਼ੁੱਕਰਵਾਰ ਸ਼ਾਮ ਨੂੰ ਇੱਥੇ ਰੋਸ ਮਾਰਚ ਕੱਢਿਆ ਗਿਆ।
ਰੋਸ ਮਾਰਚ ਦੀ ਅਗਵਾਈ ਕਰ ਰਹੇ ਕਬੱਡੀ ਖਿਡਾਰੀਆਂ ਤੇ ਟੂਰਨਾਮੈਂਟ ਪ੍ਰਬੰਧਕਾਂ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਸੰਦੀਪ ਅੰਬੀਆਂ ਦੇ ਕਾਤਲ ਫੜ੍ਹੇ ਨਹੀਂ ਜਾਂਦੇ ਉਹ ਉਸ ਵੇਲੇ ਤੱਕ ਨਾ ਤਾਂ ਕੋਈ ਟੂਰਨਾਮੈਂਟ ਕਰਵਾਉਣਗੇ ਅਤੇ ਨਾ ਹੀ ਹਿੱਸਾ ਲੈਣਗੇ।
ਰੋਸ ਮਾਰਚ ਦੀ ਅਗਵਾਈ ਕਰ ਰਹੇ ਅਕਬਰਪੁਰ ਛੰਨਾ ਦੇ ਕਬੱਡੀ ਪ੍ਰਮੋਟਰ ਕਮਲ ਸੰਧੂ ਨੇ ਦੱਸਿਆ ਕਿ ਦਾਣਾ ਮੰਡੀ ਤੋਂ ਸ਼ੁਰੂ ਹੋਣ ਵਾਲਾ ਰੋਸ ਮਾਰਚ ਮੇਨ ਬਾਜ਼ਾਰ , ਚੌੜਾ ਬਾਜ਼ਾਰ ਅਤੇ ਰੇਲਵੇ ਰੋਡ ਤੋਂ ਹੁੰਦਾ ਹੋਇਆ ਸ਼ਹੀਦ ਭਗਤ ਸਿੰਘ ਦੇ ਬੁੱਤ ਕੋਲ ਸਮਾਪਤ ਹੋਇਆ ਸੀ, ਜਿੱਥੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ। ਕਮਲ ਸੰਧੂ ਤੋਂ ਇਲਾਵਾ ਦਿਲਵਰ ਝਣੇਰ, ਸਫੀ ਰਛੀਨ, ਜੁਗਨੂੰ ਧੂਲਕੋਟ, ਪਾਵਾ ਧੂਲਕੋਟ, ਨਿੰਦੀ ਬੁਟਾਹਰੀ, ਫਾਰੀ ਦਲੀਜ਼ ਅਤੇ ਉਨਾਹਟ ਚੌਂਹਟ ਛਪਾਰ ਨੇ ਅਫਸੋਸ ਪ੍ਰਗਟ ਕੀਤਾ ਕਿ ਬੀਤੇ ਦਹਾਕਿਆਂ ਦੌਰਾਨ ਖੇਡਾਂ ਦੌਰਾਨ ਵਧੀ ਹਿੰਸਾ ਦਾ ਕਿਸੇ ਵੀ ਸਰਕਾਰ ਨੇ ਸੰਜੀਦਾ ਨੋਟਿਸ ਨਹੀਂ ਲਿਆ ਜੋ ਕਿ ਹੁਣ ਕਤਲਾਂ ਤੱਕ ਪਹੁੰਚ ਗਈ ਹੈ।
ਰੌਣੀ ਵਿੱਚ 22 ਮਾਰਚ ਨੂੰ ਹੋਣ ਵਾਲਾ ਕਬੱਡੀ ਕੱਪ ਰੱਦ
ਪਾਇਲ (ਪੱਤਰ ਪ੍ਰੇਰਕ): ਇਥੇ 22 ਮਾਰਚ ਨੂੰ ਪਿੰਡ ਰੌਣੀ ਵਿੱਚ ਹੋਣ ਵਾਲਾ ਕਬੱਡੀ ਕੱਪ ਸੰਦੀਪ ਨੰਗਲ ਅੰਬੀਆਂ ਦੀ ਮੌਤ ਕਾਰਨ ਰੱਦ ਕਰ ਦਿੱਤਾ ਗਿਆ ਹੈ। ਬਾਬਾ ਸੱਜਣ ਸਿੱਧ ਸਪੋਰਟਸ ਐਂਡ ਵੈੱਲਫੇਅਰ ਕਲੱਬ, ਗਰਾਮ ਪੰਚਾਇਤ, ਸਮੂਹ ਨਗਰ ਨਿਵਾਸੀ ਅਤੇ ਪ੍ਰਵਾਸੀ ਭਰਾਵਾਂ ਵੱਲੋਂ ਮੀਟਿੰਗ ਕਰਕੇ ਕਬੱਡੀ ਫੈਡਰੇਸ਼ਨ ਦੇ ਲਏ ਫੈਸਲੇ ਮੁਤਾਬਕ ਸੰਦੀਪ ਨੰਗਲ ਅੰਬੀਆਂ ਦੀ ਹੱਤਿਆ ਨੂੰ ਮੱਦੇਨਜ਼ਰ ਰੱਖਦਿਆਂ ਖੇਡ ਮੇਲਾ ਰੱਦ ਕੀਤਾ ਗਿਆ ਹੈ। ਕਲੱਬ ਦੇ ਸਰਪ੍ਰਸਤ ਗੁਰਿੰਦਰ ਸਿੰਘ ਕਾਲਾ,ਪ੍ਰਧਾਨ ਜਿੰਮੀ ਬੈਨੀਪਾਲ ਅਤੇ ਕਾਲਾ ਭਲਵਾਨ ਨੇ ਦੱਸਿਆ ਕਿ ਸਪੋਰਟਸ ਕਲੱਬ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਜਿੰਨੀ ਦੇਰ ਸੰਦੀਪ ਨੰਗਲ ਅੰਬੀਆਂ ਦੇ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉੰਨੀ ਦੇਰ ਕਬੱਡੀ ਕੱਪ ਨਹੀਂ ਕਰਵਾਇਆ ਜਾਵੇਗਾ। ਇਸ ਮੀਟਿੰਗ ਵਿੱਚ ਨੋਨਾ ਰੌਣੀ, ਕੁਲਵੀਰ ਬੈਨੀਪਾਲ, ਗੁਰਪ੍ਰੀਤ ਰੌਣੀ, ਹਨੀ ਰੌਣੀ, ਸਰਪੰਚ ਗੁਰਮੀਤ ਮੁੱਲਾਂਪੁਰ, ਹਰਤੇਜ ਤੇ ਸੋਨੀ ਰੌਣੀ ਆਦਿ ਹਾਜ਼ਰ ਸਨ।