ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 26 ਅਪਰੈਲ
ਲੁਧਿਆਣਾ ’ਚ ਆਰ.ਟੀ.ਆਈ. ਐਕਟੀਵਿਸਟ ਤੇ ਕਾਂਗਰਸੀ ਆਗੂ ਗਗਨਦੀਪ ਸਿੰਘ ਮੰਗਲਵਾਰ ਨੂੰ ਨਗਰ ਸੁਧਾਰ ਟਰੱਸਟ ਦੇ ਬਾਹਰ ਧਰਨਾ ਲਾ ਕੇ ਬੈਠ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਟਰੱਸਟ ਦੇ ਸਾਬਕਾ ਚੇਅਰਮੈਨ ਨੇ ਆਪਣੇ ਘਰ ਦੇ ਨਾਲ ਬਣੇ ਪਾਰਕ ਤੱਕ ਨਾਜਾਇਜ਼ ਕਬਜ਼ਾ ਜਮ੍ਹਾ ਰੱਖਿਆ ਹੈ। ਇਸ ਪਾਰਕ ’ਚ ਗੇਟ ਲਗਾ ਕੇ ਆਮ ਲੋਕਾਂ ਨੂੰ ਉਥੇ ਅੱਗੇ ਨਹੀਂ ਜਾਣ ਦਿੱਤਾ ਜਾਂਦਾ। ਇਸ ਪਾਰਕ ’ਚ ਆਪਣੇ ਘਰਾਂ ਦੇ ਦਰਵਾਜ਼ੇ ਵੀ ਕੱਢੇ ਹੋਏ ਹਨ, ਜੋ ਕਿ ਨਿਯਮਾਂ ਦੇ ਖਿਲਾਫ਼ ਹਨ। ਇਸ ਸਬੰਧ ’ਚ ਉਨ੍ਹਾਂ ਨੇ ਚੀਫ਼ ਵਿਜੀਲੈਂਸ ਅਫ਼ਸਰ ਨੂੰ ਸ਼ਿਕਾਇਤ ਕੀਤੀ ਸੀ। ਸੀਵੀਓ ਨੇ ਟਰੱਸਟ ਦੇ ਅਧਿਕਾਰੀਆਂ ਨੂੰ ਤੁਰੰਤ ਗੇਟ ਹਟਾਉਣ ਦੇ ਨਾਲ ਨਾਲ ਪਾਰਕ ਅੰਦਰ ਰੱਖੇ ਗਏ ਦਰਵਾਜ਼ਿਆਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਸਨ ਪਰ ਦੋ ਹਫ਼ਤੇ ਬੀਤ ਜਾਣ ’ਤੇ ਵੀ ਨਗਰ ਸੁਧਾਰ ਟਰੱਸਟ ਦਾ ਕੋਈ ਅਫ਼ਸਰ ਕਾਰਵਾਈ ਨਹੀਂ ਕਰ ਰਿਹਾ। ਇਸ ਤੋਂ ਸਾਫ਼ ਹੈ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਸਾਬਕਾ ਚੇਅਰਮੈਨ ਨੂੰ ਬਚਾਉਣ ਦੇ ਚੱਕਰ ’ਚ ਹਨ। ਇਸ ਲਈ ਮਜਬੂਰਨ ਉਨ੍ਹਾਂ ਨੂੰ ਅੱਜ ਇੱਥੇ ਧਰਨਾ ਦੇਣਾ ਪੈ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਸਥਾਨਕ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਵੀ ਕਈ ਵਾਰ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ। ਪਰ ਕੋਈ ਕਾਰਵਾਈ ਨਹੀਂ ਹੋ ਰਹੀ ਹੈ। ਗਗਨਦੀਪ ਸਿੰਘ ਨੇ ਕਿਹਾ ਕਿ ਪਾਰਕ ਇੱਕ ਗ੍ਰੀਨ ਬੈਲਟ ਹੈ। ਇੱਥੇ ਵਾਹਨ ਪਾਰਕਿੰਗ ਹੋ ਨਹੀਂ ਸਕਦੀ।
ਢਾਈ ਸਾਲ ਪਹਿਲਾਂ ਕੀਤੀ ਸੀ ਸ਼ਿਕਾਇਤ
ਗਗਨਦੀਪ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲੀ ਸ਼ਿਕਾਇਤ 23 ਦਸੰਬਰ ਨੂੰ ਕੀਤੀ ਸੀ। ਹੁਣ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਸ਼ਿਕਾਇਤ ਭੇਜੀ ਹੈ, ਇਸ ’ਚ ਦੱਸਿਆ ਹੈ ਕਿ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਨੇ ਬੀਆਰਐਸ ਨਗਰ ਸਕੀਮ ਦੇ ਨਾਲ ਲੱਗਦੇ ਇੰਦਰ ਨਗਰ ’ਚ ਆਪਣਾ ਘਰ ਬਣਾਇਆ ਹੈ। ਇਹ ਘਰ ਵੀ ਉਨ੍ਹਾਂ ਦੇ ਚੇਅਰਮੈਨ ਰਹਿੰਦੇ ਬਣਿਆ ਹੈ। ਉਨ੍ਹਾਂ ਆਪਣੇ ਘਰ ਦੇ ਨਾਲ ਲੱਗਦੇ ਪਾਰਕ ਨੂੰ ਸਰਕਾਰੀ ਖਰਚੇ ’ਤੇ ਤਿਆਰ ਕਰਵਾਇਆ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਇਸ ਦੀ ਉਸਾਰੀ ’ਚ ਸਰਕਾਰੀ ਫੰਡ ਦੀ ਪੂਰੀ ਵਰਤੋਂ ਕੀਤੀ ਗਈ ਹੈ। ਜਦੋਂ ਉਨ੍ਹਾਂ ਨੇ ਇਸ ਮੁੱਦੇ ਨੂੰ ਚੁੱਕਿਆ, ਉਨ੍ਹਾਂ ਖਿਲਾਫ਼ ਇੱਕ ਝੂਠੀ ਪੁਲੀਸ ਸ਼ਿਕਾਇਤ ਵੀ ਕੀਤੀ ਗਈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਸਾਬਕਾ ਚੇਅਰਮੈਨ ਦੇ ਕਾਰਜਕਾਲ ’ਚ ਜਿੰਨ੍ਹੇ ਵੀ ਕੰਮ ਹੋਏ ਹਨ, ਉਨ੍ਹਾਂ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇ।