ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 4 ਸਤੰਬਰ
ਕੁਲਵੰਤ ਕੌਰ ਰਸੂਲਪੁਰ ਦੀ ਕਥਿਤ ਪੁਲੀਸ ਤਸ਼ੱਦਦ ਨਾਲ ਹੋਈ ਮੌਤ ਦੇ ਮਾਮਲੇ ’ਚ ਨਾਮਜ਼ਦ ਡੀਐੱਸਪੀ ਸਮੇਤ ਚਾਰਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਜਨਤਕ ਜਥੇਬੰਦੀਆਂ 8 ਸਤੰਬਰ ਨੂੰ ਜਗਰਾਉਂ ’ਚ ਮੁਜ਼ਾਹਰਾ ਕਰਨਗੀਆਂ। ਇਸ ਦੌਰਾਨ ਜ਼ਿਲ੍ਹਾ ਪੁਲੀਸ ਮੁਖੀ ਦੇ ਦਫ਼ਤਰ ਦਾ ਘਿਰਾਓ ਵੀ ਕੀਤਾ ਜਾਵੇਗਾ, ਜਿਸ ਲਈ ਲਾਮਬੰਦੀ ਸ਼ੁਰੂ ਕਰ ਦਿੱਤੀ ਗਈ ਹੈ। ਜਥੇਬੰਦੀਆਂ ਨੇ ਸਥਾਨਕ ਥਾਣਾ ਸਿਟੀ ਅੱਗੇ ਚੱਲਦੇ ਲਗਾਤਾਰ ਧਰਨੇ ’ਚ ਅੱਜ ਐਤਵਾਰ ਨੂੰ 166ਵੇਂ ਦਿਨ ਵੀ ਪੱਕਾ ਮੋਰਚਾ ਜਾਰੀ ਰੱਖਿਆ। ਆਗੂਆਂ ਨੇ ਕਿਹਾ ਕਿ ਛੇ ਮਹੀਨੇ ਤੋਂ ਚੱਲਦੇ ਧਰਨੇ ਦੇ ਬਾਵਜੂਦ ਸਰਕਾਰ ਤੇ ਪੁਲੀਸ ਦੇ ਸਿਰ ’ਤੇ ਕੋਈ ਜੂੰ ਨਹੀਂ ਸਰਕੀ। ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਢੋਲਣ ਨੇ ਕਿਹਾ ਕਿ ਪੁਲੀਸ ਤਸ਼ੱਦਦ ਖ਼ਿਲਾਫ਼ ਲਾਮਬੰਦ ਸੰਘਰਸ਼ ’ਚ ਜਥੇਬੰਦੀਆਂ ਦਾ ਸਾਥ ਦਿੰਦੇ ਹੋਏ 8 ਸਤੰਬਰ ਨੂੰ ਬੱਸ ਅੱਡੇ ’ਚ ਇਕੱਤਰ ਹੋ ਕੇ ਰੋਸ ਮਾਰਚ ਕਰਦੇ ਹੋਏ ਐੱਸਐੱਸਪੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।