ਸੰਤੋਖ ਗਿੱਲ
ਗੁਰੂਸਰ ਸੁਧਾਰ, 9 ਫਰਵਰੀ
ਕਰੋਨਾ ਕਾਰਨ ਬੰਦ ਵਿੱਦਿਅਕ ਅਦਾਰੇ ਮੁੜ ਖੋਲ੍ਹਣ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਬਲਾਕ ਡੇਹਲੋਂ ਅਤੇ ਪੱਖੋਵਾਲ ਵੱਲੋਂ ਤਹਿਸੀਲ ਕੰਪਲੈਕਸ ਡੇਹਲੋਂ ਸਾਹਮਣੇ ਧਰਨਾ ਦਿੱਤਾ ਗਿਆ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਕਰੋਨਾ ਦੀ ਆੜ ਵਿੱਚ ਸਕੂਲ ਤੇ ਕਾਲਜ ਬੰਦ ਕਰ ਕੇ ਆਮ ਲੋਕਾਂ ਦੇ ਬੱਚਿਆਂ ਨੂੰ ਬੌਧਿਕ ਤੌਰ ’ਤੇ ਕੰਗਾਲ ਕੀਤਾ ਜਾ ਰਿਹਾ ਹੈ ਅਤੇ ਬੱਚੇ ਗੈਰ-ਜ਼ਾਬਤਾ ਹੋ ਰਹੇ ਹਨ। ਬੱਚਿਆਂ ਨੂੰ ਗਿਆਨਵਾਨ ਬਣਾਉਣ ਲਈ ਸਕੂਲ-ਕਾਲਜ ਖੋਲ੍ਹਣੇ ਅਤਿ-ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਚੋਣ ਰੈਲੀਆਂ ਵਿੱਚ ਹੋ ਰਹੇ ਵੱਡੇ ਇਕੱਠਾਂ ਵਿੱਚ ਕਰੋਨਾ ਤੋਂ ਰੱਤੀ ਭਰ ਡਰ ਨਹੀਂ ਹੈ ਅਤੇ ਕਾਰਪੋਰੇਟਾਂ ਦੇ ਵਪਾਰਕ ਅਦਾਰਿਆਂ ਵਿੱਚ ਅਥਾਹ ਭੀੜ-ਭੜੱਕੇ ਤੋਂ ਕਰੋਨਾ ਫੈਲਣ ਦਾ ਖ਼ਤਰਾ ਨਹੀਂ ਹੈ। ਆਨਲਾਈਨ ਪੜ੍ਹਾਈ ਦੇ ਨਾਂ ‘ਤੇ ਵੱਡੇ ਸਨਅਤਕਾਰਾਂ ਦੀਆਂ ਕੰਪਨੀਆਂ ਦੇ ਬਣੇ ਸਮਾਰਟ ਫ਼ੋਨ ਤੇ ਲੈਪਟਾਪ ਵੇਚਣਾ ਇੱਕ ਚਾਲ ਹੈ ਜਦਕਿ ਇਹ ਖ਼ਰੀਦਣੇ ਆਮ ਕਿਸਾਨਾਂ ਮਜ਼ਦੂਰਾਂ ਦੀ ਪਹੁੰਚ ਵਿੱਚ ਨਹੀਂ ਹਨ। ਕਿਸਾਨ ਆਗੂਆਂ ਨੇ ਵੋਟਾਂ ਤੋਂ ਭਲੇ ਦੀ ਆਸ ਛੱਡ ਕੇ ਜਥੇਬੰਦੀ ਅਤੇ ਸੰਘਰਸ਼ ’ਤੇ ਭਰੋਸਾ ਰੱਖਣ ਦਾ ਸੱਦਾ ਦਿੱਤਾ। ਇਸ ਮੌਕੇ ਕਿਸਾਨ ਆਗੂ ਸੁਦਾਗਰ ਸਿੰਘ ਘੁਡਾਣੀ, ਬਲਵੰਤ ਸਿੰਘ ਘੁਡਾਣੀ, ਰਾਜਿੰਦਰ ਸਿੰਘ ਖੱਟੜਾ, ਕੁਲਦੀਪ ਸਿੰਘ ਗੁੱਜਰਵਾਲ, ਕਮਲਜੀਤ ਸਿੰਘ ਘਵੱਦੀ ਅਤੇ ਸੁਰਿੰਦਰ ਸਿੰਘ ਧੂਰਕੋਟ ਨੇ ਵੀ ਧਰਨਾਕਾਰੀਆਂ ਨੂੰ ਸੰਬੋਧਨ ਕੀਤਾ। ਇਸ ਸਬੰਧੀ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ।