ਨਿੱਜੀ ਪੱਤਰ ਪ੍ਰੇਰਕ
ਖੰਨਾ, 10 ਸਤੰਬਰ
ਇਥੇ ਟਾਟਾ ਕੰਪਨੀ ਨੂੰ ਸੁਰੱਖਿਆ ਗਾਰਡ ਮੁਹੱਈਆ ਕਰਵਾਉਣ ਵਾਲੀ ਇਕ ਕੰਪਨੀ ਵੱਲੋਂ ਬਿਨਾਂ ਕੋਈ ਨੋਟਿਸ ਦਿੱਤੇ ਕੰਮ ਤੋਂ ਕੱਢੇ ਕਰਮਚਾਰੀਆਂ ਵੱਲੋਂ ਦਾਊਦਪੁਰ ਪਲਾਂਟ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮਲਕੀਤ ਸਿੰਘ ਤੇ ਹਰਜਿੰਦਰ ਸਿੰਘ ਨੇ ਕੰਪਨੀ ਦੇ ਕਰਮਚਾਰੀਆਂ ਨੂੰ ਬਿਨਾਂ ਨੋਟਿਸ ਜਬਰੀ ਕੱਢੇ ਜਾਣ ਦੀ ਨਿੰਦਾ ਕਰਦਿਆਂ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਕਿਰਤ ਵਿਭਾਗ ਦੇ ਅਧਿਕਾਰੀਆਂ ਰਾਹੀਂ ਕਈ ਵਾਰ ਮਾਮਲੇ ਦੇ ਨਿਪਟਾਰੇ ਸਬੰਧੀ ਪੈਰਾਗ੍ਰੀਨ ਕੰਪਨੀ ਦੇ ਅਧਿਕਾਰੀਆਂ ਨੂੰ ਬੁਲਾਇਆ ਗਿਆ ਸੀ ਪਰ ਉਨ੍ਹਾਂ ਵੱਲੋਂ ਮਸਲੇ ਦਾ ਕੋਈ ਹੱਲ ਨਹੀਂ ਕੱਢਿਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਕਾਮਿਆਂ ਦੀ ਬਣਦੀ ਉਜਰਤ ’ਚੋਂ ਜਬਰੀ ਕਟੌਤੀ ਕੀਤੀ ਜਾ ਰਹੀ ਹੈ, ਪੁਰਾਣੇ ਸਕਿਓਰਿਟੀ ਗਾਰਡਾਂ ਨੂੰ ਕੱਢ ਕੇ ਨਵੀਂ ਭਰਤੀ ਸ਼ੁਰੂ ਕੀਤੀ ਹੋਈ ਹੈ ਅਤੇ ਇਨ੍ਹਾਂ ਵੱਲੋਂ ਕਿਰਤ ਵਿਭਾਗ ਵਿੱਚ ਕਿਰਤ ਇੰਸਪੈਕਟਰ ਕੋਲ ਸ਼ਿਕਾਇਤ ਕਰਨ ਉਪਰੰਤ ਬਦਲੇ ਦੀ ਭਾਵਨਾ ਨਾਲ ਡਿਊਟੀ ਦੇ ਨਿਸ਼ਚਿਤ ਏਰੀਆ ਤੋਂ ਬਾਹਰ ਬਦਲੀ ਕਰਨ ਦੇ ਮੈਸੇਜ ਭੇਜ ਰਹੇ ਹਨ। ਆਗੂਆਂ ਨੇ ਕਾਮਿਆਂ ਦੀ ਨੌਕਰੀ ਤੇ ਬਿਨਾਂ ਸ਼ਰਤ ਬਹਾਲੀ ਤੇ ਧੱਕੇਸ਼ਾਹੀਆਂ ਖ਼ਿਲਾਫ਼ ਆਵਾਜ਼ ਉਠਾਉਂਦੇ ਹੋਏ ਸਕਿਓਰਿਟੀ ਗਾਰਡ ਕਰਮਚਾਰੀਆਂ ਦਾ ਸਮਰਥਨ ਕਰ ਕੇ ਮਾਮਲੇ ਦਾ ਨਿਪਟਾਰੇ ਲਈ 13 ਸਤੰਬਰ ਨੂੰ ਮੀਟਿੰਗ ਰੱਖੀ ਹੈ, ਜੇਕਰ ਕਰਮਚਾਰੀਆਂ ਦੀ ਬਹਾਲੀ ਸਮੇਤ ਹੋਰ ਮਸਲੇ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਦੌਰਾਨ ਜਥੇਬੰਦੀਆਂ ਵੱਲੋਂ ਇਕ ਮੰਗ ਪੱਤਰ ਟਾਟਾ ਕੰਪਨੀ ਦੇ ਐੱਚਆਰ ਜੈਨਿੰਦਰ ਨੂੰ ਸੌਂਪਿਆ ਗਿਆ, ਜਿਨ੍ਹਾਂ ਭਰੋਸਾ ਦਿਵਾਇਆ ਕਿ ਜਲਦ ਇਸ ਮਸਲੇ ਦੇ ਹੱਲ ਕੱਢਿਆ ਜਾਵੇਗਾ।