ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 25 ਜੂਨ
ਪੁਲੀਸ ਕੋਲ ਦਿੱਤੀ ਗਈ ਸ਼ਿਕਾਇਤ ’ਤੇ ਕਾਰਵਾਈ ਨਾ ਹੋਣ ਤੋਂ ਪ੍ਰੇਸ਼ਾਨ ਚੱਲ ਰਹੇ ਇੱਕ ਪਰਿਵਾਰ ਨੇ ਪੁਲੀਸ ਥਾਣਾ ਬਸਤੀ ਜੋਧੇਵਾਲ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਮੌਕੇ ਪਰਿਵਾਰ ਨੇ ਦੋਸ਼ ਲਾਇਆ ਕਿ ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲੀਸ ਕਾਰਵਾਈ ਨਹੀਂ ਕਰ ਰਹੀ। ਪੁਲੀਸ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਕਾਰਵਾਈ ਵੀ ਜ਼ਰੂਰ ਹੋਵੇਗੀ, ਜਿਸ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ। ਬੰਦਾ ਬਹਾਦਰ ਨਗਰ ਕਾਕੋਵਾਲ ਵਾਸੀ ਪ੍ਰਿਆ ਨੇ ਦੱਸਿਆ ਕਿ ਉਸ ਦਾ ਭਰਾ ਵਿਸ਼ਾਲ ਟਿੱਪਰ ਵਾਲਿਆਂ ਦੇ ਨਾਲ ਕੰਮ ਕਰਦਾ ਸੀ। 28 ਮਈ ਨੂੰ ਉਹ ਆਪਣੇ ਕੰਮ ’ਤੇ ਗਿਆ। ਇਸ ਦੌਰਾਨ ਉਸ ਨੂੰ ਟਿੱਪਰ ਚਾਲਕ ਨੇ ਟਿੱਪਰ ’ਤੇ ਲਿਫ਼ਟ ਚੁੱਕਣ ਦੌਰਾਨ ਹਥੌੜਾ ਮਾਰਨ ਲਈ ਕਿਹਾ, ਉਪਰੋਂ ਟਿੱਪਰ ਹਾਈਟੈਨਸ਼ਨ ਵਾਇਰ ਦੇ ਨਾਲ ਟਕਰਾ ਗਿਆ ਅਤੇ ਕਰੰਟ ਲੱਗਣ ਨਾਲ ਵਿਸ਼ਾਲ ਦੀ ਮੌਤ ਹੋ ਗਈ। ਪ੍ਰਿਆ ਨੇ ਦੋਸ਼ ਲਾਇਆ ਕਿ ਉਹ ਅੱਧੇ ਘੰਟੇ ਤੱਕ ਤੜਫਦਾ ਰਿਹਾ ਤੇ ਕਿਸੇ ਨੇ ਉਸ ਨੂੰ ਹਸਪਤਾਲ ਨਹੀਂ ਪਹੁੰਚਾਇਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪ੍ਰਿਆ ਨੇ ਦੱਸਿਆ ਕਿ ਉਨ੍ਹਾਂ ਨੂੰ ਝੂਠ ਬੋਲਿਆ ਗਿਆ ਕਿ ਵਿਸ਼ਾਲ ਚੱਕਰ ਖਾ ਕੇ ਥੱਲੇ ਡਿੱਗਿਆ ਹੈ ਤੇ ਉਸ ਦੀ ਮੌਤ ਹੋ ਗਈ। ਇਸ ਦੌਰਾਨ ਪੀੜਤ ਪਰਿਵਾਰ ਦੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਉਸ ਦੇ ਮਾਲਕਾਂ ਤੋਂ ਜਦੋਂ ਇਹ ਪੁੱਛਿਆ ਕਿ ਵਿਸ਼ਾਲ ਦੀ ਤਾਂ ਕਰੰਟ ਲੱਗਣ ਨਾਲ ਮੌਤ ਹੋਈ ਹੈ ਤਾਂ ਕੋਈ ਜਵਾਬ ਨਹੀਂ ਮਿਲਿਆ। ਉਲਟਾ ਮਾਲਕ ਨੇ ਫੋਨ ਚੁੱਕਣਾ ਹੀ ਬੰਦ ਕਰ ਦਿੱਤਾ। ਪ੍ਰਿਆ ਨੇ ਦੱਸਿਆ ਕਿ ਇਸ ਦੀ ਸ਼ਿਕਾਇਤ ਪੁਲੀਸ ਕਮਿਸ਼ਨਰ ਨੂੰ ਵੀ ਕੀਤੀ ਗਈ ਤੇ ਥਾਣਾ ਬਸਤੀ ਜੋਧੇਵਾਲ ਪੁਲੀਸ ਨੂੰ ਵੀ ਦਿੱਤੀ ਗਈ ਸੀ ਪਰ ਇੱਕ ਮਹੀਨੇ ਦੇ ਕਰੀਬ ਦਾ ਸਮਾਂ ਹੋ ਗਿਆ ਕੋਈ ਕਾਰਵਾਈ ਨਾ ਹੋਣ ’ਤੇ ਮਜਬੂਰਨ ਉਨ੍ਹਾਂ ਨੂੰ ਧਰਨਾ ਲਾਉਣਾ ਪਿਆ।
ਥਾਣਾ ਬਸਤੀ ਜੋਧੇਵਾਲ ਦੇ ਐੱਸ.ਐੱਚ.ਓ. ਇੰਸਪੈਕਟਰ ਗੁਰਮੁਖ ਸਿੰਘ ਨੇ ਦੱਸਿਆ ਕਿ ਪਹਿਲਾਂ ਕੋਈ ਸ਼ਿਕਾਇਤ ਨਹੀਂ ਆਈ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਇਸ ਦੀ ਜਾਂਚ ਕੀਤੀ ਜਾ ਰਹੀ ਹੈ।