ਗਗਨਦੀਪ ਅਰੋੜਾ
ਲੁਧਿਆਣਾ, 7 ਅਕਤੂਬਰ
ਪੰਜਾਬ ਖੇਤੀਬਾੜੀ ਵਿਕਾਸ ਬੈਂਕ (ਪੀ.ਏ.ਡੀ.ਬੀ.) ਅਤੇ ਸਟੇਟ ਖੇਤੀਬਾੜੀ ਵਿਕਾਸ ਬੈਂਕ (ਐਸ.ਏ.ਡੀ.ਬੀ.) ਦੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਸਬੰਧੀ ਅੱਜ ਸਰਕਾਰੀ ਕਾਲਜ ਨੇੜੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਮੁਲਾਜ਼ਮਾਂ ਨੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਰੋਸ ਜ਼ਾਹਿਰ ਕੀਤਾ ਕਿ ਉਨ੍ਹਾਂ ਦੀਆਂ ਮੰਗਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਪ੍ਰਦਰਸ਼ਾਨ ਦੌਰਾਨ ਪੰਜਾਬ ਖੇਤੀਬਾੜੀ ਵਿਕਾਸ ਬੈਂਕ ਅਤੇ ਸਟੇਟ ਖੇਤੀਬਾੜੀ ਵਿਕਾਸ ਬੈਂਕ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਜਿਨ੍ਹਾਂ ਬੈਂਕਾਂ ਵਿੱਚ ਉਹ ਕੰਮ ਕਰ ਰਹੇ ਹਨ, ਉਨ੍ਹਾਂ ਵੱਲ ਸਰਕਾਰ ਧਿਆਨ ਨਹੀਂ ਦੇ ਰਹੀ। ਇਸ ਕਰਕੇ ਉਨ੍ਹਾਂ ਦੇ ਬੈਂਕਾਂ ਦਾ ਭਵਿੱਖ ਹਨੇਰੇ ਵਿੱਚ ਜਾ ਰਿਹਾ ਹੈ। ਮੁਲਾਜ਼ਮਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਬੈਂਕ ਦਾ ਭਵਿੱਖ ਬਚਾਉਣ ਲਈ ਐਡਵਾਂਸਮੈਂਟ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਬੈਂਕ ਦੇ ਸਮੂਹ ਮੁਲਾਜ਼ਮਾਂ ਨੂੰ 6ਵਾਂ ਤਨਖ਼ਾਹ ਕਮਿਸ਼ਨ, ਮੁਲਾਜ਼ਮਾਂ ਦੀਆਂ ਪ੍ਰਮੋਸ਼ਨਾਂ, ਗਰੇਡ ਪੇਅ ਦੀ ਦਰੁਸਤੀ, ਮੁਲਾਜ਼ਮਾਂ ਦੀ ਲੋੜ ਅਨੁਸਾਰ ਕਰਜ਼ੇ, ਏ.ਸੀ.ਪੀ. ਦਾ ਲਾਭ, ਦਰਜਾ-4 ਮੁਲਾਜ਼ਮਾਂ ਨੂੰ ਟਾਈਪ ਟੈਸਟ ਦੀ ਸਹੂਲਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਮੰਗਾਂ ਕਾਫ਼ੀ ਸਮੇਂ ਤੋਂ ਲਟਕ ਰਹੀਆਂ ਹਨ। ਇਸ ਮੌਕੇ ਨਵੀਨ ਗੋਗਨਾ, ਵਿਸ਼ਾਲ ਬੱਤਰਾ, ਸੋਨੂੰ ਬੰਗਾਲੀ, ਸਤਨਾਮ ਸੰਨੀ ਆਦਿ ਮੌਜੂਦ ਸਨ।
ਵਿਧਾਇਕ ਗੋਗੀ ਵੱਲੋਂ ਮੰਗਾਂ ਦੇ ਹੱਲ ਦਾ ਭਰੋਸਾ
ਮੁਲਾਜ਼ਮਾਂ ਦੇ ਪ੍ਰਦਰਸ਼ਨ ਦੀ ਖ਼ਬਰ ਮਿਲਣ ਮਗਰੋਂ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਰੋਸ ਪ੍ਰਦਰਸ਼ਨ ਵਾਲੀ ਥਾਂ ’ਤੇ ਪੁੱਜੇ। ਇਸ ਦੌਰਾਨ ਵਿਧਾਇਕ ਗੋਗੀ ਨੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਜਲਦ ਮੁੱਖ ਮੰਤਰੀ ਨਾਲ ਰਾਬਤਾ ਕਰਦਿਆਂ ਨਬਿੇੜਾ ਕਰਨ ਦਾ ਭਰੋਸਾ ਵੀ ਦਿੱਤਾ। ਵਿਧਾਇਕ ਗੋਗੀ ਨੇ ਕਿਹਾ ਕਿ ਸੂਬੇ ਦੀ ‘ਆਪ’ ਸਰਕਾਰ ਮੁਲਾਜ਼ਮ ਵਰਗ ਦੇ ਹਿੱਤਾਂ ਦੀ ਰਾਖੀ ਲਈ ਹਮੇਸ਼ਾ ਤਿਆਰ ਖੜ੍ਹੀ ਹੈ। ਉਨ੍ਹਾਂ ਕਿਹਾ ਉਹ ਮੁਲਾਜ਼ਮਾਂ ਵੱਲੋਂ ਦੱਸੀਆਂ ਵੱਖ-ਵੱਖ ਸਮੱਸਿਆਵਾਂ ਦੇ ਜਲਦ ਹੱਲ ਲਈ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ ਕਰਨਗੇ। ਮੁਲਾਜ਼ਮਾਂ ਨੇ ਵਿਧਾਇਕ ਗੋਗੀ ਨੂੰ ਮੁੱਖ ਮੰਤਰੀ ਦੇ ਨਾਂ ਆਪਣਾ ਮੰਗ ਪੱਤਰ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਆਪਣੀ ਸਾਰੀਆਂ ਹੀ ਮੰਗਾਂ ਲਿੱਖੀਆਂ ਹੋਈਆਂ ਸਨ।