ਨਿੱਜੀ ਪੱਤਰ ਪ੍ਰੇਰਕ
ਖੰਨਾ, 18 ਮਈ
ਬਿਜਲੀ ਬੋਰਡ ਨਾਲ ਸਬੰਧਤ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਅੱਜ ਇਥੋਂ ਦੇ ਸ਼ਿਕਾਇਤ ਕੇਂਦਰ ਅੱਗੇ ਆਪਣੀਆਂ ਹੱਕੀ ਮੰਗਾਂ ਸਬੰਧੀ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਜਗਦੇਵ ਸਿੰਘ ਅਤੇ ਕਰਤਾਰ ਚੰਦ ਨੇ ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਬਿਜਲੀ ਐਕਟ 2003 ਰੱਦ ਕੀਤਾ ਜਾਵੇ, ਨਿੱਜੀਕਰਨ, ਉਦਾਰੀਕਰਨ ਤੇ ਸੰਸਾਰੀਕਰਨ ਦੀ ਨੀਤੀ ਰੱਦ ਕੀਤੀ ਜਾਵੇ, ਸੇਵਾ ਸ਼ਰਤਾਂ ਵਿਚ ਕੀਤੀ ਤਬਦੀਲੀ ਰੱਦ ਕੀਤੀ ਜਾਵੇ, 44 ਲੇਬਰ ਕੋਡ ਤੋੜ ਕੇ ਬਣਾਏ 4 ਲੇਬਰ ਕੋਡ ਰੱਦ ਕੀਤੇ ਜਾਣ, ਤਿੰਨੇ ਕਾਲੇ ਖੇਤੀ ਕਾਨੂੰਨ ਰੱਦ ਕੀਤੇ ਜਾਣ, ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਨੂੰ ਵੇਚਣਾ ਬੰਦ ਕੀਤਾ ਜਾਵੇ, ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ, ਠੇਕੇਦਾਰੀ ਸਿਸਟਮ ਬੰਦ ਕਰਕੇ ਪੱਕੀ ਭਰਤੀ ਕੀਤੀ ਜਾਵੇ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਜਲਦ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਜਸਵੀਰ ਸਿੰਘ, ਮਨੀ ਰਾਮ, ਵਿਧੀ ਚੰਦ, ਕੁਲਵਿੰਦਰ ਸਿੰਘ, ਸਿਕੰਦਰ ਸਿੰਘ, ਸੁਖਪ੍ਰੀਤ ਸਿੰਘ, ਲਖਵੀਰ ਸਿੰਘ, ਮਨਜੀਤ ਸਿੰਘ, ਹਰੀ ਸ਼ੰਕਰ ਆਦਿ ਹਾਜ਼ਰ ਸਨ।