ਜੋਗਿੰਦਰ ਸਿੰਘ ਓਬਰਾਏ
ਖੰਨਾ, 24 ਸਤੰਬਰ
ਅੱਜ ਇਥੇ ਪੇਂਡੂ ਵੈਟਰਨਰੀ ਫਾਰਮਾਸਿਸਟ ਯੂਨੀਅਨ ਦੀ ਮੀਟਿੰਗ ਪ੍ਰਧਾਨ ਬਲਵਿੰਦਰ ਸਿੰਘ ਰਾਓ ਦੀ ਅਗਵਾਈ ਹੇਠ ਹੋਈ, ਜਿਸ ਵਿਚ ਪੰਜਾਬ ਸਰਕਾਰ ਦੀ ਲੋਕ ਮਾਰੂ ਨੀਤੀਆਂ ਦੀ ਨਿੰਦਾ ਕੀਤੀ ਗਈ। ਸ੍ਰੀ ਰਾਓ ਨੇ ਕਿਹਾ ਕਿ ਵੈਟਰਨਰੀ ਫਾਰਮਾਸਿਸਟ ਪਿਛਲੇ ਪੰਜ ਮਹੀਨਿਆਂ ਤੋਂ ਤਨਖ਼ਾਹਾਂ ਤੋਂ ਵਾਂਝੇ ਹਨ, ਇਸ ਕਰ ਕੇ ਫਾਰਮਾਸਿਸਟ ਯੂਨੀਅਨ ਵੱਲੋਂ ਏਆਈ ਤੇ ਵਾਧੂ ਕੰਮਾਂ ਦਾ ਬਾਈਕਾਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਦਾ ਪੰਜਾਬ ਸਰਕਾਰ ਨੇ ਹੱਲ ਨਾ ਕੀਤਾ ਤਾਂ ਆਉਣ ਵਾਲੇ ਸਮੇਂ ’ਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵੈਟਰਨਰੀ ਦੇ ਮੁਲਾਜ਼ਮ ਪਿਛਲੇ 12 ਸਾਲ ਤੋਂ ਠੇਕੇ ’ਤੇ ਹੀ ਕੰਮ ਕਰ ਰਹੇ ਹਨ ਪਰ ਕਿਸੇ ਤਰ੍ਹਾਂ ਦੀ ਕੋਈ ਨੀਤੀ ਨਹੀਂ ਬਣਾਈ ਗਈ, ਜਿਸ ਕਰ ਕੇ ਮੰਗਾਂ ਦਾ ਸਾਰਥਿਕ ਹੱਲ ਨਹੀਂ ਹੋਇਆ।