ਪੱਤਰ ਪ੍ਰੇਰਕ
ਦੋਰਾਹਾ, 6 ਮਈ
ਇੱਥੇ ਪਾਵਰਕੌਮ ਨਾਲ ਸਬੰਧਤ ਪੈਨਸ਼ਨਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਡਿਵੀਜ਼ਨ ਦੋਰਾਹਾ ਦੇ ਦਫ਼ਤਰ ਅੱਗੇ ਜਥੇਬੰਦੀ ਦਾ ਝੰਡਾ ਲਹਿਰਾ ਕੇ ਮੈਨੇਜਮੈਂਟ ਅਤੇ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕ੍ਰਿਸ਼ਨ ਕੁਮਾਰ, ਹਰਚਰਨ ਸਿੰਘ ਗਰੇਵਾਲ ਅਤੇ ਰਾਮ ਕ੍ਰਿਸ਼ਨ ਨੇ ਮੈਨੇਜਮੈਂਟ ਅਤੇ ਸਰਕਾਰਾਂ ਦੀਆਂ ਕਿਸਾਨ, ਮਜ਼ਦੂਰ, ਮੁਲਾਜ਼ਮਾਂ, ਨੌਜਵਾਨ, ਵਿਦਿਆਰਥੀ ਅਤੇ ਔਰਤਾਂ ਵਿਰੋਧੀ ਨੀਤੀਆਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਫਿਰਕੂ ਫਾਸ਼ੀਵਾਦੀ ਨੀਤੀ ਸਬੰਧੀ ਜਾਗਰੂਕ ਕਰਦਿਆਂ ਹਰ ਵਰਗ ਨੂੰ ਇਕ ਮੰਚ ’ਤੇ ਇੱਕਠੇ ਹੋ ਸੰਘਰਸ਼ ਦੀ ਅਪੀਲ ਕੀਤੀ। ਇਸ ਮੌਕੇ ਹਰਬੰਸ ਸਿੰਘ ਦੋਬੁਰਜੀ, ਤਰਸੇਮ ਲਾਲ ਅਤੇ ਜਗਦੇਵ ਸਿੰਘ ਨੇ ਮੰਗ ਕੀਤੀ ਕਿ ਪੈਨਸ਼ਨਰਾਂ ਨੂੰ ਬਿਜਲੀ ਯੂਨਿਟਾਂ ਵਿਚ ਰਿਆਇਤ ਦਿੱਤੀ ਜਾਵੇ, ਨਿੱਜੀਕਰਨ ਦੀ ਨੀਤੀ ਰੱਦ ਕੀਤੀ ਜਾਵੇ, ਠੇਕੇਦਾਰੀ ਪ੍ਰਬੰਧ ਬੰਦ ਕੀਤਾ ਜਾਵੇ, ਜਨਵਰੀ 2016 ਤੋਂ ਬਾਅਦ ਸੇਵਾਮੁਕਤ ਕਾਮਿਆਂ ਦਾ ਬਣਦਾ ਬਕਾਇਆ ਦਿੱਤਾ ਜਾਵੇ। ਇਸ ਮੌਕੇ ਭਗਵੰਤ ਸਿੰਘ, ਜਗਦੇਵ ਸਿੰਘ, ਨਛੱਤਰ ਸਿੰਘ ਤੇ ਸਿਕੰਦਰ ਸਿੰਘ ਆਦਿ ਹਾਜ਼ਰ ਸਨ।