ਸਤਵਿੰਦਰ ਬਸਰਾ
ਲੁਧਿਆਣਾ, 12 ਅਕਤੂਬਰ
ਸੰਯੁਕਤ ਕਿਸਾਨ ਮੋਰਚਾ ਦਿੱਲੀ ਭਾਰਤ ਦੇ ਸੱਦੇ ਤਹਿਤ ਲਖੀਮਪੁਰ ਖੀਰੀ ਉਤਰ ਪ੍ਰਦੇਸ਼ ’ਚ ਕਿਸਾਨਾਂ ਉਪਰ ਹੋਏ ਕਾਤਲਾਨਾ ਹਮਲੇ ਵਿਰੁੱਧ ਪ੍ਰਦਰਸ਼ਨ ਕਰਨ ਦੇ ਸੱਦੇ ਤਹਿਤ ਲੁਧਿਆਣਾ ਦੇ ਵਕੀਲਾਂ ਵੱਲੋਂ ਇਕੱਠੇ ਹੋ ਕੇ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫ਼ਤਰ ਬਾਹਰ ਲਖੀਮਪੁਰ ਦੇ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਲਈ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਰਾਸ਼ਟਰਪਤੀ ਦੇ ਨਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ।
ਇਸ ਸਬੰਧੀ ਐਡਵੋਕੇਟ ਕੁਲਦੀਪ ਗਰੇਵਾਲ ਅਤੇ ਐਡਵੋਕੇਟ ਹਰਪ੍ਰੀਤ ਜੀਰਖ਼ ਨੇ ਕਿਹਾ ਕਿ ਯੂਪੀ ਦੀ ਯੋਗੀ ਸਰਕਾਰ ਇਸ ਘਟਨਾ ਸਬੰਧੀ ਕਾਨੂੰਨ ਦੀਆਂ ਸ਼ਰ੍ਹੇਆਮ ਧੱਜੀਆਂ ਉਡਾ ਰਹੀ ਹੈ ਅਤੇ ਪੁਲੀਸ ਵੱਲੋਂ ਜਾਂਚ ਠੀਕ ਤਰੀਕੇ ਨਾਲ ਨਹੀਂ ਕੀਤੀ ਜਾ ਰਹੀ। ਘਟਨਾ ਬਾਬਤ ਸਬੂਤਾਂ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਸਮੇਂ ਵਕੀਲਾਂ ਵੱਲੋਂ ਭਾਰਤ ਦੇ ਰਾਸ਼ਟਰਪਤੀ ਨੂੰ ਭੇਜੇ ਮੰਗ ਪੱਤਰ ਵਿਚ ਸਾਰੀ ਘਟਨਾ ਦੀ ਜਾਂਚ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਉਣ ਦੀ ਮੰਗ, ਘਟਨਾ ਦੇ ਨਾਲ ਸਬੰਧਤ ਕੇਂਦਰੀ ਮੰਤਰੀ ਅਜੈ ਮਿਸ਼ਰਾ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰਨ ਦੀ ਮੰਗ ਅਤੇ ਪੀੜਤਾਂ ਨੂੰ ਜਲਦੀ ਨਿਆਂ ਦਿਵਾਉਣ ਦੇ ਲਈ ਫਾਸਟ ਟਰੈਕ ਅਦਾਲਤ ਰਾਹੀਂ ਸੁਣਵਾਈ ਕਰਨ ਦੀ ਮੰਗ ਕੀਤੀ ਹੈ। ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦੇਣ ਵਾਲੇ ਵਫ਼ਦ ਵਿਚ ਸੀਨੀਅਰ ਵਕੀਲ ਨਵਲ ਕਿਸ਼ੋਰ ਛਿੱਬੜ, ਗੁਰਮੀਤ ਰੱਤੂ, ਜਸਵੰਤ ਚੀਮਾ, ਹਰਪਾਲ ਲਾਲੀ, ਰਮਨਦੀਪ ਸਿੰਘ ਆਹਲੂਵਾਲੀਆ, ਹਰਪ੍ਰੀਤ ਸੱਚਰ, ਦਵਿੰਦਰ ਦੀਵਾ, ਜੈ ਪ੍ਰਕਾਸ਼ ਆਦਿ ਸ਼ਾਮਲ ਸਨ।