ਪੱਤਰ ਪ੍ਰੇਰਕ
ਜਗਰਾਉਂ, 15 ਸਤੰਬਰ
ਪੰਜ ਮਹੀਨਿਆ ਤੋਂ ਤਨਖਾਹਾਂ ਨੂੰ ਤਰਸੇ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਨੇ ਸਰਕਾਰ ਖਿਲਾਫ਼ ਰੋਸ ਧਰਨਾ ਦਿੱਤਾ। ਜੰਗਲਾਤ ਵਰਕਰਜ਼ ਯੂਨੀਅਨ (ਰੇਂਜ ਜਗਰਾਉਂ) ਦੇ ਪ੍ਰਧਾਨ ਸੁਰਜੀਤ ਸਿੰਘ ਢੋਲਣ ਦੀ ਅਗਵਾਈ ਹੇਠ ਵਣ ਰੇਂਜ ਦਫਤਰ ਅੱਗੇ ਪਿਛਲੇ ਸੱਤ ਦਿਨਾਂ ਤੋਂ ਡਟੇ ਮੁਲਾਜ਼ਮਾਂ ਨੇ ਤਨਖਾਹਾਂ ਜਾਰੀ ਕਰਨ ਦੀ ਮੰਗ ਕੀਤੀ। ਪ੍ਰਧਾਨ ਢੋਲਣ ਨੇ ਕਿਹਾ ਕਿ ਉਹ ਪਿਛਲੇ ਪੰਜ ਮਹੀਨਿਆਂ ਤੋਂ ਤਨਖਾਨਾਂ ਨਾ ਮਿਲਣ ਕਾਰਨ ਦੋ ਵਕਤ ਦੀ ਰੋਟੀ ਤੋ ਵੀ ਮੁਥਾਜ ਹੋ ਚੁੱਕੇ ਹਨ ਅਤੇ ਦੁਕਾਨਦਾਰਾਂ ਨੇ ਉਧਾਰ ਰਾਸ਼ਨ ਦੇਣ ਤੋਂ ਜਵਾਬ ਦੇ ਦਿੱਤਾ ਹੈ।
ਉਨ੍ਹਾ ਕਿਹਾ ਕਿ ਸਮੇਂ-ਸਮੇਂ ਦੀਆ ਸਰਕਾਰਾਂ ਨੇ ਮਜ਼ਦੂਰਾਂ ਨੂੰ ਰੁਜਗਾਰ ਦੇਣ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾ ਸਰਕਾਰ ਨੂੰ ਸੰਘਰਸ਼ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ। ਮੁਲਾਜ਼ਮਾਂ ਨੂੰ ਮੀਤ ਪ੍ਰਧਾਨ ਲਛਮਣ ਸਿੰਘ, ਜਨਰਲ ਸਕੱਤਰ ਅਜਮੇਰ ਸਿੰਘ, ਕੈਸ਼ੀਅਰ ਲਖਵੀਰ ਸਿੰਘ ਤਿਹਾੜਾ, ਸਹਾਇਕ ਸਕੱਤਰ ਭਗਵੰਤ ਸਿੰਘ ਅਖਾੜਾ, ਪ੍ਰੈਸ ਸਕੱਤਰ ਪ੍ਰੀਤਮ ਸਿੰਘ ਗਗੜਾ ਤੇ ਸਲਾਹਕਾਰ ਜਗਤਾਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।