ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 1 ਸਤੰਬਰ
ਬਲਾਕ ਡੇਹਲੋਂ ਦੇ ਕਿਸਾਨਾਂ ਨੇ ਬੀਤੇ ਕਈ ਦਿਨਾਂ ਤੋਂ ਖੇਤੀਬਾੜੀ ਕੰਮਾਂ ਲਈ ਬਿਜਲੀ ਨਾ ਆਉਣ ਦੇ ਰੋਸ ਵਜੋਂ ਆਲਮਗੀਰ ਬਿਜਲੀ ਗਰਿੱਡ ਅੱਗੇ ਲੁਧਿਆਣਾ-ਮਾਲੇਰਕੋਟਲਾ ਰੋਡ ਉੱਪਰ ਧਰਨਾ ਲਾ ਕੇ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀਆਂ ਵਿਰੁੱਧ ਰੋਸ ਪ੍ਰਗਟ ਕੀਤਾ। ਕਰੀਬ ਦੋ ਘੰਟੇ ਤੱਕ ਚੱਲਿਆ ਧਰਨਾ ਉਸ ਵੇਲੇ ਚੁੱਕਿਆ ਗਿਆ ਜਦੋਂ ਕਾਰਪੋਰੇਸ਼ਨ ਦਫ਼ਤਰ ਦੇ ਇੰਚਾਰਜ ਫਤਿਹ ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਆਉਣ ਵਾਲੇ ਦਿਨਾਂ ਦੌਰਾਨ ਉਨ੍ਹਾਂ ਦੇ ਖੇਤਾਂ ਲਈ ਲਗਾਤਾਰ ਅੱਠ ਘੰਟੇ ਬਿਜਲੀ ਹਰ ਹਾਲਤ ਵਿੱਚ ਦਿੱਤੀ ਜਾਵੇਗੀ। ਇਸ ਮੌਕੇ ਪਲਵਿੰਦਰ ਸਿੰਘ ਪਿੰਦਾ ਦੀ ਅਗਵਾਈ ਹੇਠ ਇਕੱਠੇ ਹੋਏ ਪਿੰਡ ਰੁੜਕਾ ਦੇ ਕਿਸਾਨਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਖੇਤਾਂ ਵਿੱਚ ਬੀਤੇ ਕਈ ਦਿਨਾਂ ਤੋਂ ਪਾਣੀ ਨਾ ਮਿਲਣ ਕਾਰਨ ਝੋਨੇ ਦੀ ਫ਼ਸਲ ਮੁਰਝਾ ਗਈ ਸੀ ਪਰ ਸਬੰਧਤ ਅਧਿਕਾਰੀ ਉਨ੍ਹਾਂ ਦਾ ਫੋਨ ਵੀ ਨਹੀਂ ਚੁੱਕ ਰਹੇ ਸਨ।
ਇਹੋ ਹਾਲ ਡੇਹਲੋਂ ਅਤੇ ਬੂਲ ਪਿੰਡ ਦੇ ਕਿਸਾਨਾਂ ਦਾ ਸੀ ਕਿਉਂਕਿ ਅਧਿਕਾਰੀਆਂ ਨੇ ਉਨ੍ਹਾਂ ਨੂੰ ਸਪਲਾਈ ਦੇਣ ਵਾਲੇ ਫੀਡਰ ਉੱਪਰ ਹੋਰਨਾਂ ਪਿੰਡਾਂ ਦਾ ਲੋਡ ਵੀ ਪਾਇਆ ਹੋਇਆ ਸੀ। ਧਰਨਾਕਾਰੀਆਂ ਨੇ ਕਿਹਾ ਕਿ ਬਹੁ ਗਿਣਤੀ ਕਿਸਾਨਾਂ ਨੇ ਬੈਂਕਾਂ ਤੋਂ ਕਰਜ਼ ਲੈ ਕੇ ਫ਼ਸਲ ਦੀ ਬਿਜਾਈ ਕੀਤੀ ਹੈ ਅਤੇ ਜੇ ਬਿਜਲੀ ਪੂਰੀ ਨਾ ਆਉਣ ਕਾਰਨ ਝਾੜ ਪੂਰਾ ਨਾ ਹੋਇਆ ਤਾਂ ਉਨ੍ਹਾਂ ਲਈ ਲੋਨ ਵਾਪਸ ਕਰਨੇ ਔਖੇ ਹੋ ਜਾਣਗੇ। ਇਸ ਮੌਕੇ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।