ਸੰਤੋਖ ਗਿੱਲ
ਗੁਰੂਸਰ ਸੁਧਾਰ, 28 ਮਾਰਚ
ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੇ ਆਗੂ ਟਹਿਲ ਸਿੰਘ ਸਰਾਭਾ, ਪ੍ਰਵੀਨ ਕੁਮਾਰ, ਨਰਿੰਦਰਪਾਲ ਸਿੰਘ ਬੁਰਜ ਲਿੱਟਾਂ ਨੇ ਸਿੱਖਿਆ ਵਿਭਾਗ ਵੱਲੋਂ ਅਧਿਆਪਕ ਬਦਲੀ ਨੀਤੀ-2019 ਅਧੀਨ ਮੌਜੂਦਾ ਸਟੇਸ਼ਨ ਉੱਤੇ 2 ਸਾਲ ਦੀ ਠਹਿਰ ਦੀ ਸ਼ਰਤ ਖ਼ਤਮ ਕਰਨ ਦੀ ਮੰਗ ਕੀਤੀ ਹੈ। ਅਧਿਆਪਕ ਆਗੂਆਂ ਨੇ ਕਿਹਾ ਕਿ ਕਈ ਅਧਿਆਪਕ ਆਪਣੇ ਘਰਾਂ ਤੋਂ ਸੈਂਕੜੇ ਕਿਲੋਮੀਟਰ ਦੂਰ ਸੇਵਾ ਨਿਭਾਅ ਰਹੇ ਹਨ ਅਤੇ ਇਨ੍ਹਾਂ ਅਧਿਆਪਕਾਂ ਦੀ ਮੌਜੂਦਾ ਸਟੇਸ਼ਨ ਉੱਤੇ ਠਹਿਰ ਦੋ ਸਾਲ ਤੋਂ ਜੇਕਰ ਦੋ ਤਿੰਨ ਮਹੀਨੇ ਘੱਟ ਬਣਦੀ ਹੈ ਤਾਂ ਅਜਿਹੇ ਅਧਿਆਪਕਾਂ ਨੂੰ ਬਦਲੀ ਕਰਵਾਉਣ ਦਾ ਮੌਕਾ ਨਹੀਂ ਮਿਲਦਾ। ਜ਼ਿਕਰਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਸਬੰਧੀ 25 ਜੂਨ 2019 ਦੀ ਪਾਲਿਸੀ ਅਨੁਸਾਰ ਹੋਰ ਸ਼ਰਤਾਂ ਦੇ ਨਾਲ-ਨਾਲ ਇੱਕ ਸਟੇਸ਼ਨ ’ਤੇ ਦੋ ਸਾਲ ਠਹਿਰ ਦੀ ਸ਼ਰਤ ਵੀ ਲਾਈ ਗਈ ਸੀ। ਇਸ ਨੀਤੀ ਤਹਿਤ ਆਨਲਾਈਨ ਬਦਲੀਆਂ ਜੁਲਾਈ ਅਤੇ ਅਗਸਤ 2019 ਵਿਚ ਹੋਈਆਂ ਸਨ। ਜਿਹੜੇ ਅਧਿਆਪਕਾਂ ਦੀਆਂ ਬਦਲੀਆਂ 2019 ਵਿਚ ਹੋਈਆਂ, ਉਨ੍ਹਾਂ ਦੇ ਦੋ ਸੈਸ਼ਨ ਤਾਂ ਪੂਰੇ ਹੋ ਗਏ ਹਨ ਪਰ ਸੈਸ਼ਨ 2021-22 ਦੀਆਂ ਮਾਰਚ ਮਹੀਨੇ ਬਦਲੀ ਲਈ ਦੋ ਸਾਲ ਤੋਂ ਥੋੜ੍ਹਾ ਘੱਟ ਸਮਾਂ ਹੋਣ ਕਾਰਨ ਉਹ ਇਸ ਸੈਸ਼ਨ ਵਿਚ ਵਾਂਝੇ ਰਹਿ ਗਏ। ਇਸੇ ਕਾਰਨ ਵੱਡੀ ਗਿਣਤੀ ਅਧਿਆਪਕਾਂ ਨੂੰ ਪਹਿਲੇ ਗੇੜ ਦੀਆਂ ਬਦਲੀਆਂ ਸਮੇਂ ਵਿਚਾਰਿਆ ਹੀ ਨਹੀਂ ਗਿਆ। ਵਿਭਾਗ ਵੱਲੋਂ ਵਿਭਾਗੀ ਵੈੱਬਸਾਈਟ ’ਤੇ ਮੰਗੇ ਗਏ ਸੁਝਾਵਾਂ ਵਿਚ ਅਧਿਆਪਕਾਂ ਨੇ ਵੱਡੀ ਪੱਧਰ ’ਤੇ ਆਪਣੀ ਸਮੱਸਿਆ ਬਾਰੇ ਜਾਣੂ ਕਰਵਾਇਆ ਹੈ ਪਰ ਉਨ੍ਹਾਂ ਦੀ ਸਮੱਸਿਆ ਜਿਉਂ ਦੀ ਤਿਉਂ ਖੜ੍ਹੀ ਹੈ।