ਖੇਤਰੀ ਪ੍ਰਤੀਨਿਧ
ਲੁਧਿਆਣਾ, 26 ਜੂਨ
ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵੱਲੋਂ 1975 ਦੀ ਐਮਰਜੈਂਸੀ ਦੇ ਕਾਲੇ ਦੌਰ ਅਤੇ ਮੌਜੂਦਾ ਅਣਐਲਾਨੀ ਐਮਰਜੈਂਸੀ ਵਿਰੁੱਧ ਅੱਜ ਜ਼ਿਲ੍ਹਾ ਪੱਧਰ ’ਤੇ ਰੋਸ ਪ੍ਰਦਰਸ਼ਨ ਕੀਤਾ। ਇਸ ਵਿੱਚ ਜਮਹੂਰੀ ਅਧਿਕਾਰ ਸਭਾ ਪੰਜਾਬ, ਬੀਕੇਯੂ ਡਕੌਂਦਾ, ਇਨਕਲਾਬੀ ਕੇਂਦਰ ਪੰਜਾਬ, ਆਰਸੀਪੀਆਈ, ਸੀਪੀਆਈ ਐਮਐੱਲ ਲਬਿਰੇਸ਼ਨ ਅਤੇ ਸੀਪੀਆਈਐੱਮਐੱਲ ਨਿਊ ਡੈਮੋਕ੍ਰੇਸੀ ਆਦਿ ਜਥੇਬੰਦੀਆਂ ਦੇ ਕਾਰਕੁਨਾਂ ਅਤੇ ਆਗੂਆਂ ਨੇ ਸ਼ਮੂਲੀਅਤ ਕੀਤੀ।
ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਸਰਕਾਰੀ ਜਬਰ ਵਿਰੁੱਧ ਸੂਬੇ ਭਰ ਦੇ ਲੋਕਾਂ ਨੂੰ ਜੱਥੇਬੰਦ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ 26 ਜੂਨ 1975 ਨੂੰ ਭਾਰਤ ਸਰਕਾਰ ਵੱਲੋਂ ਦੇਸ਼ ਵਿੱਚ ਐਮਰਜੈਂਸੀ ਲਾ ਕਿ ਲੋਕਾਂ ਦੇ ਜਮਹੂਰੀ ਹੱਕਾਂ ਨੂੰ, ਹਕੂਮਤੀ ਤਾਕਤ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਲੋਕਾਂ ਨੇ ਸਰਕਾਰੀ ਜਬਰ ਦਾ ਟਾਕਰਾ ਕਰਦਿਆਂ ਹਾਕਮ ਨੂੰ ਆਪਣੇ ਕੀਤੇ ਦਾ ਪਛਤਾਵਾ ਕਰਵਾਇਆ ਸੀ। ਮੌਜੂਦਾ ਸਮੇਂ ਵੀ ਕੇਂਦਰ ਸਰਕਾਰ ਵੱਲੋਂ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਕਰਨ ਦੀ ਥਾਂ ਹਕੂਮਤੀ ਜਬਰ ਰਾਹੀਂ ਅਣਐਲਾਨੀ ਐਮਰਜੈਂਸੀ ਲਾ ਕਿ ਹੱਕੀ ਆਵਾਜ਼ ਨੂੰ ਦਬਾਉਣ ਦਾ ਭਰਮ ਦੁਹਰਾਇਆ ਜਾ ਰਿਹਾ ਹੈ। ਐਡਵੋਕੇਟ ਹਰਪ੍ਰੀਤ ਜੀਰਖ, ਰਘਵੀਰ ਸਿੰਘ ਬੈਨੀਪਾਲ, ਜਸਵੰਤ ਜੀਰਖ, ਕਾਮਰੇਡ ਸੁਰਿੰਦਰ, ਸੁਖਵਿੰਦਰ ਹੰਬੜਾਂ ਆਦਿ ਨੇ ਕੇਂਦਰ ਸਰਕਾਰ ਵੱਲੋਂ ਕਥਿਤ ਤੌਰ ’ਤੇ ਧਰਮਾਂ, ਜਾਤਾਂ ਵਿੱਚ ਵੰਡਣ, ਦਲਿਤਾਂ ਅਤੇ ਔਰਤਾਂ ’ਤੇ ਕੀਤੇ ਜਾ ਰਹੇ ਤਸ਼ੱਦਦ ਦੀ ਜ਼ੋਰਦਾਰ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ‘ਬੁਲਡੋਜ਼ਰ ਰਾਜਨੀਤੀ’ ਨਾਲ ਵਿਰੋਧੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਅਖੀਰ ਵਿੱਚ ਲੋਕ ਵਿਰੋਧੀ ਤਾਕਤਾਂ ਅਤੇ ਸਰਕਾਰਾਂ ਦੇ ਪੁਤਲੇ ਫੂਕੇ ਗਏ।
ਜੇਲ੍ਹੀ ਡੱਕੇ ਬੁੱਧੀਜੀਵੀਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ
ਆਗੂਆਂ ਨੇ ਝੂਠੇ ਕੇਸਾਂ ਵਿੱਚ ਜੇਲ੍ਹੀਂ ਕੈਦ ਕੀਤੇ ਬੁੱਧੀਜੀਵੀਆਂ, ਲੇਖਕਾਂ, ਵਕੀਲਾਂ, ਡਾਕਟਰਾਂ ਅਤੇ ਰੰਗ ਕਰਮੀਆਂ ਦੇ ਹੱਕ ਵਿੱਚ ਵੀ ਆਵਾਜ਼ ਬੁਲੰਦ ਕੀਤੀ। ਮਨੁੱਖੀ ਹੱਕਾਂ ਦੀ ਉੱਘੀ ਕਾਰਕੁੰਨ ਤੀਸਤਾ ਸੀਤਲਵੜ ਜੋ ਜੋ ਕਿ ਗੁਜਰਾਤ ਦੰਗਿਆਂ ਲਈ ਜ਼ਿੰਮੇਵਾਰਾਂ ਵਿਰੁੱਧ ਸੁਪਰੀਮ ਕੋਰਟ ਵਿੱਚ ਜ਼ਕੀਆ ਜਾਫਰੀ ਨਾਲ ਸਹਿ ਪਟੀਸ਼ਨਰ ਹੈ, ਨੂੰ ਮੁੰਬਈ ਤੋਂ ਉਸ ਦੇ ਘਰੋਂ ਗ੍ਰਿਫਤਾਰ ਕਰਨ ਦੀ ਨਿਖੇਧੀ ਕਰਦਿਆਂ ਉਸ ਦੀ ਤੁਰੰਤ ਰਿਹਾਈ ਕਰਨ ਦਾ ਮਤਾ ਪਾਸ ਕੀਤਾ ਗਿਆ।
ਜਸਬੀਰ ਸ਼ੇਤਰਾ
ਜਗਰਾਉਂ, 26 ਜੂਨ
ਦੇਸ਼ ਭਰ ਵਿੱਚ 26 ਜੂਨ 1975 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਲੋਕ ਰੋਹ ਦੀ ਸੰਘੀ ਘੁੱਟਣ ਲਈ ਠੋਸੀ ਐਮਰਜੈਂਸੀ ਦੇ ਕਥਿਤ ਕਾਲੇ ਦਿਨ ’ਤੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਠੋਸੀ ਅਣਐਲਾਨੀ ਐਮਰਜੈਂਸੀ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਅੱਜ ਇਥੇ ਰੋਹ ਭਰਪੂਰ ਪ੍ਰਦਰਸ਼ਨ ਕੀਤਾ ਗਿਆ। ਫਾਸ਼ੀ ਹਮਲਿਆਂ ਵਿਰੋਧੀ ਫਰੰਟ ਦੇ ਸੱਦੇ ’ਤੇ ਪਹਿਲਾਂ ਸਥਾਨਕ ਬੱਸ ਅੱਡੇ ਵਿਖੇ ਖੱਬੀਆਂ ਤੇ ਇਨਕਲਾਬੀ ਧਿਰਾਂ ਦੇ ਕਾਰਕੁਨਾਂ ਦੀ ਰੈਲੀ ਹੋਈ। ਰੈਲੀ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ, ਸੀਪੀਆਈ (ਐੱਮਐੱਲ) ਨਿਊ ਡੈਮੋਕ੍ਰੇਸੀ ਵੱਲੋਂ ਅਵਤਾਰ ਸਿੰਘ ਰਸੂਲਪੁਰ, ਆਰਐੱਮਪੀਆਈ ਵੱਲੋਂ ਗੁਰਮੇਲ ਸਿੰਘ ਰੂਮੀ, ਸੀਪੀਆਈ (ਐੱਮਐੱਲ) ਲਬਿਰੇਸ਼ਨ ਵੱਲੋਂ ਬੂਟਾ ਸਿੰਘ ਚਕਰ, ਸੀਪੀਆਈ ਵੱਲੋਂ ਚਮਕੌਰ ਸਿੰਘ ਦੌਧਰ, ਕਿਸਾਨ ਆਗੂਆਂ ਮਹਿੰਦਰ ਸਿੰਘ ਕਮਾਲਪੁਰਾ, ਗੁਰਮੇਲ ਸਿੰਘ ਭਰੋਵਾਲ, ਤਰਲੋਚਨ ਸਿੰਘ ਝੋਰੜਾਂ ਨੇ ਦੇਸ਼ ਭਰ ’ਚ ਮੁਸਲਿਮ ਭਾਈਚਾਰੇ ਖ਼ਿਲਾਫ਼ ਭੜਕਾਈ ਜਾ ਰਹੀ ਫਿਰਕੂ ਨਫ਼ਰਤ ਦੀ ਹਨ੍ਹੇਰੀ ਨੂੰ ਠੱਲ੍ਹਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਮੁਸਲਿਮ ਵਰਗ ’ਤੇ ਬੁਲਡੋਜ਼ਰ ਚਲਾ ਕੇ ਚੁੱਕੇ ਜਾ ਰਹੇ ਫਾਸ਼ੀ ਕਦਮ ਸਾਰੇ ਜਮਹੂਰੀਅਤ ਪਸੰਦ ਨਾਗਰਿਕਾਂ ਲਈ ਵੱਡੀ ਚੁਣੌਤੀ ਹਨ। ਬੁਲਾਰਿਆਂ ਨੇ ਸਾਰੇ ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਤੋਂ ਬਾਅਦ ਹੁਣ ਫੌਜ ਦੇ ਨਿੱਜੀਕਰਨ ਅਤੇ ਠੇਕੇਦਾਰੀ ਕਰਨ ਲਈ ਲਿਆਂਦੀ ਅਗਨੀਪਥ ਯੋਜਨਾ ਨੂੰ ਦੇਸ਼ ਦੀ ਸੁਰੱਖਿਆ ਨਾਲ ਗੱਦਾਰੀ ਅਤੇ ਕਾਰਪੋਰੇਟਾਂ ਨਾਲ ਯਾਰੀ ਕਰਾਰ ਦਿੰਦਿਆਂ ਇਸ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਫੌਜ ’ਚ ਪਹਿਲਾਂ ਵਾਂਗ ਪੱਕੀ ਭਰਤੀ ਸ਼ੁਰੂ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਮੁੰਬਈ ਤੋਂ ਪ੍ਰਸਿੱਧ ਸਮਾਜਿਕ ਕਾਰਕੁਨ ਤੀਸਤਾ ਸੀਤਲਵਾੜ ਅਤੇ ਆਰ.ਬੀ. ਸ੍ਰੀਕੁਮਾਰ ਨੂੰ ਏਟੀਸੀ ਗੁਜਰਾਤ ਵੱਲੋਂ ਮੋਦੀ ਹਕੂਮਤ ਦੇ ਕਥਿਤ ਇਸ਼ਾਰੇ ’ਤੇ ਗ੍ਰਿਫ਼ਤਾਰ ਕਰਨ ਦੀ ਨਿੰਦਾ ਕਰਦਿਆਂ ਰਿਹਾਅ ਕਰਨ ਦੀ ਮੰਗ ਕੀਤੀ। ਬੀਤੇ ਦਿਨੀਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਆਸ਼ੀਸ਼ ਮਿੱਤਲ ’ਤੇ ਯੂਪੀ ਪੁਲੀਸ ਵੱਲੋਂ ਦਰਜ ਕੇਸ ਰੱਦ ਕਰਨ ਦੀ ਮੰਗ ਵੀ ਕੀਤੀ ਗਈ। ਰੈਲੀ ਉਪਰੰਤ ਵਰਕਰਾਂ ਨੇ ਬੈਨਰ, ਝੰਡੇ ਚੁੱਕ ਕੇ ਤਪਦੀ ਗਰਮੀ ’ਚ ਸ਼ਹਿਰ ਦੀਆਂ ਸੜਕਾਂ ’ਤੇ ਨਾਅਰੇ ਗੁੰਜਾਉਂਦਿਆਂ ਜ਼ਬਰਦਸਤ ਰੋਸ ਮਾਰਚ ਕੀਤਾ।