ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 26 ਜੁਲਾਈ
ਕਿਸਾਨ ਜਥੇਬੰਦੀਆਂ ਨੇ ਇਲਾਕੇ ਵਿੱਚ ਨਸ਼ਾ ਤਸਕਰੀ ਦੇ ਵਧਦੇ ਰੁਝਾਨ ਅਤੇ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਖ਼ਿਲਾਫ਼ ਇੱਥੇ ਲੁਧਿਆਣਾ-ਬਠਿੰਡਾ ਸੜਕ ’ਤੇ ਆਵਾਜਾਈ ਠੱਪ ਕਰ ਦਿੱਤੀ। ਇਸੇ ਦੌਰਾਨ ਕਿਸਾਨ ਆਗੂਆਂ ਨੇ ਪਿੰਡ ਬੋਪਾਰਾਏ ਕਲਾਂ ਦੀ ਇੱਕ ਵਿਆਹੁਤਾ ਲੜਕੀ ਨੂੰ ਸਹੁਰੇ ਪਰਿਵਾਰ ਵੱਲੋਂ ਪ੍ਰੇਸ਼ਾਨ ਕਰਨ ਦਾ ਮਾਮਲਾ ਵੀ ਪ੍ਰਸ਼ਾਸਨ ਕੋਲ ਉਠਾਇਆ ਗਿਆ। ਉਨ੍ਹਾਂ ਇਸ ਮਾਮਲੇ ਵਿਚ ਕਾਰਵਾਈ ਕਰਨ ਬਦਲੇ ਡੀਐੱਸਪੀ ਸਪੈਸ਼ਲ ਬਰਾਂਚ ਦੇ ਇੱਕ ਰੀਡਰ ’ਤੇ ਰਿਸ਼ਵਤ ਲੈਣ ਦੇ ਦੋਸ਼ ਵੀ ਲਾਏ ਗਏ। ਮੁੱਖ ਮਾਰਗ ਉੱਪਰ ਆਵਾਜਾਈ ਠੱਪ ਰਹਿਣ ਕਾਰਨ ਕਈ ਘੰਟੇ ਰਾਹਗੀਰ ਖ਼ੱਜਲ਼-ਖ਼ੁਆਰ ਹੁੰਦੇ ਰਹੇ।
ਥਾਣਾ ਸੁਧਾਰ ਦੀ ਪੁਲੀਸ ਨੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਮੁੱਖ ਮਾਰਗ ਤੋਂ ਆਵਾਜਾਈ ਦੂਜੇ ਰਸਤਿਆਂ ਵੱਲ ਮੋੜ ਦਿੱਤੀ ਸੀ। ਡੀਐੱਸਪੀ ਦਾਖਾ ਜਸ਼ਨਦੀਪ ਸਿੰਘ ਗਿੱਲ ਅਤੇ ਬਲਾਕ ਵਿਕਾਸ ਅਫ਼ਸਰ ਸੁਧਾਰ ਅਸ਼ੋਕ ਕੁਮਾਰ ਵੱਲੋਂ ਧਰਨਾਕਾਰੀਆਂ ਨੂੰ ਕਾਰਵਾਈ ਦੇ ਭਰੋਸੇ ਬਾਅਦ ਆਵਾਜਾਈ ਬਹਾਲ ਹੋ ਸਕੀ।