ਦੇਵਿੰਦਰ ਸਿੰਘ ਜੱਗੀ
ਪਾਇਲ, 24 ਨਵੰਬਰ
ਇੱਥੇ ਪ੍ਰਾਚੀਨ ਸ਼ਿਵ ਮੰਦਿਰ ਵਿਚ ਜਮ੍ਹਾਂ ਹੋਏ ਗੰਦੇ ਪਾਣੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਮਨਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ ਵਿੱਚ ਮਿਉਂਸਪਲ ਕਮੇਟੀ ਪਾਇਲ ਦੇ ਦਫਤਰ ਅੱਗੇ ਧਰਨਾ ਲਾਇਆ ਗਿਆ ਜਿੱਥੇ ਪੰਜਾਬ ਸਰਕਾਰ, ਨਗਰ ਕੌਂਸਲ ਅਤੇ ਵਿਧਾਇਕ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਹਲਕਾ ਇੰਚਾਰਜ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਪ੍ਰਾਚੀਨ ਮਹਾਂਦੇਵ ਮੰਦਰ ਵਿੱਚ ਵੱਡੀ ਗਿਣਤੀ ਵਿੱਚ ਦੂਰ ਦੁਰਾਡੇ ਤੋਂ ਹਰ ਰੋਜ਼ ਸੰਗਤਾਂ ਨਤਮਸਤਕ ਹੋਣ ਆਉਂਦੀ ਹੈ ਜਿੱਥੇ ਸੀਵਰੇਜ ਦੇ ਬਦਬੂਦਾਰ ਗੰਦੇ ਪਾਣੀ ਨੇ ਸਰਧਾਲੂਆਂ ਨੂੰ ਮੱਥਾ ਟੇਕਣ ਜਾਣ ਸਮੇਂ ਲੰਘਣਾ ਮੁਸ਼ਕਲ ਕੀਤਾ ਪਿਆ ਹੈ। ਗੰਦੇ ਪਾਣੀ ਦੀ ਨਿਕਾਸੀ ਲਈ ਲੱਗਿਆ ਟਰੀਂਟਮੈਟ ਪਲਾਂਟ ਚਿੱਟਾ ਹਾਥੀ ਬਣਿਆ ਖੜ੍ਹਾ ਹੈ ਜੋ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲੀਆਂ ਚਿੰਨ੍ਹ ਲਾ ਰਿਹਾ ਹੈ। ਸ੍ਰੀ ਗਿਆਸਪੁਰਾ ਨੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਆ ਕੇ ਹਲਕਾ ਵਿਧਾਇਕ ਹਰ ਰੋਜ਼ ਮਹਾਂਦੇਵ ਮੰਦਰ ਮੱਥਾ ਟੇਕਣ ਜਾਂਦੇ ਨੇ ਜਿਨ੍ਹਾਂ ਨੂੰ ਗੰਦੇ ਪਾਣੀ ਦੀ ਬਦਬੂ ਨਹੀਂ ਆਉਂਦੀ, ਜਿੱਥੇ ਪੁਜਾਰੀ ਦੇ ਦੱਸਣ ਮੁਤਾਬਿਕ ਗੰਦੇ ਪਾਣੀ ਦੀ ਸਮੱਸਿਆ ਪਿਛਲੇ 6 ਮਹੀਨੇ ਤੋਂ ਆ ਰਹੀ ਹੈ। ਇਸ ਮੌਕੇ ਪ੍ਰਧਾਨ ਵਿਨੋਦ ਕੁਮਾਰ ਬੱਬੀ, ਸਪੋਕਸਮੈਨ ਰਮਨ ਚਾਂਦੀ, ਜਿਲ੍ਹਾ ਪ੍ਰਧਾਨ ਗੁਰਦਰਸ਼ਨ ਕੂਹਲੀ, ਬੂਟਾ ਸਿੰਘ ਰਾਣੋ, ਲਖਵੀਰ ਸਿੰਘ ਔਜਲਾ ਜੁਆਇੰਟ ਸੈਕਟਰੀ ਪੰਜਾਬ, ਗੁਰਵਿੰਦਰ ਸਿੰਘ ਖਾਲਸਾ, ਕਾਲਾ ਜੈਪੁਰਾ, ਜਸਵੀਰ ਸਿੰਘ ਪਾਇਲ, ਸਰੂਪ ਸਿੰਘ ਪਾਇਲ, ਟੋਂਨਾ ਦੋਰਾਹਾ, ਹਰਭਜਨ ਸਿੰਘ ਧਮੋਟ , ਧਰਮਿੰਦਰ ਸਿੰਘ ਰੂਪਰਾਏ ਪ੍ਰਧਾਨ ਟਰੇਡ ਵਿੰਗ ਜ਼ਿਲ੍ਹਾ ਲੁਧਿਆਣਾ ਹਾਜ਼ਰ ਸਨ