ਗੁਰਿੰਦਰ ਸਿੰਘ
ਲੁਧਿਆਣਾ, 31 ਅਕਤੂਬਰ
ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਨਹਿਰੀ ਸਿੰਜਾਈ ਹਰ ਖੇਤ ਤੱਕ ਪਹੁੰਚਾਉਣ ਤੇ ਦਰਿਆਵਾਂ ਅਤੇ ਨਹਿਰਾਂ ਵਿੱਚ ਪੈ ਰਿਹਾ ਪ੍ਰਦੂਸ਼ਿਤ ਪਾਣੀ ਬੰਦ ਕਰਵਾਉਣ ਦੀ ਮੰਗ ਲਈ ਸਿੰਜਾਈ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਮੁਲਾਕਾਤ ਕੀਤੀ ਗਈ।
ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਦੀ ਅਗਵਾਈ ਹੇਠ ਵਫ਼ਦ ਨੇ ਚੰਡੀਗੜ੍ਹ ਵਿੱਚ ਮੀਟਿੰਗ ਦੌਰਾਨ ਸਿੰਜਾਈ ਵਿਭਾਗ ਦੇ ਅਧਿਕਾਰੀ ਨਾਲ ਸਬੰਧਿਤ ਮਸਲਿਆਂ ਬਾਰੇ ਗੱਲਬਾਤ ਕੀਤੀ। ਸਭਾ ਦੇ ਸੂਬਾਈ ਸਹਾਇਕ ਸਕੱਤਰ ਰਘਵੀਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਇਸ ਵੇਲੇ ਪੰਜਾਬ ਅੰਦਰ 15 ਲੱਖ ਦੇ ਕਰੀਬ ਟਿਊਬਵੈੱਲ ਹਨ ਜਿਨ੍ਹਾਂ ਨਾਲ 30 ਲੱਖ ਹੈਕਟੇਅਰ ਰਕਬਾ ਸਿੰਜਿਆ ਜਾ ਰਿਹਾ ਹੈ। ਦੂਜੇ ਪਾਸੇ, ਨਹਿਰੀ ਪਾਣੀ ਨਾਲ ਕੇਵਲ ਸਾਢੇ ਅੱਠ ਲੱਖ ਹੈਕਟੇਅਰ ਰਕਬਾ ਹੀ ਸਿੰਜਿਆ ਜਾ ਰਿਹਾ ਹੈ ਜੋ ਕੁੱਲ ਰਕਬੇ ਦਾ 27 ਫ਼ੀਸਦੀ ਬਣਦਾ ਹੈ। ਉਨ੍ਹਾਂ ਕਿਹਾ ਕਿ ਸਾਲ 1971-72 ਵਿੱਚ ਨਹਿਰੀ ਪਾਣੀ 43 ਫ਼ੀਸਦੀ ਰਕਬਾ ਸਿੰਜਦਾ ਸੀ। ਨਹਿਰੀ ਪ੍ਰਬੰਧ ਢਹਿ-ਢੇਰੀ ਹੋਣ ਕਾਰਨ ਕਿਸਾਨਾਂ ਨੂੰ ਮਜਬੂਰਨ ਟਿਊਬਵੈੱਲ ਲਗਵਾਉਣੇ ਪਏ ਜੇ ਅਜਿਹਾ ਹੀ ਰਿਹਾ ਤਾਂ ਆਉਣ ਵਾਲੇ ਕਰੀਬ 20 ਸਾਲ ਵਿੱਚ ਪੰਜਾਬ ਬੰਜਰ ਹੋ ਜਾਵੇਗਾ।
ਵਫ਼ਦ ਨੇ ਸੁਝਾਅ ਦਿੱਤਾ ਕਿ ਦਰਿਆਵਾਂ ਦਾ ਨਹਿਰੀਕਰਨ ਕਰ ਕੇ ਹੋਰ ਨਹਿਰਾਂ ਕੱਢੀਆਂ ਜਾਣ ਅਤੇ ਟੁੱਟ ਚੁੱਕੇ ਨਹਿਰੀ ਪ੍ਰਬੰਧ ਦੀ ਮੁੜ ਉਸਾਰੀ ਕਰਦਿਆਂ ਨਹਿਰਾਂ ਅਤੇ ਰਜਬਾਹਿਆਂ ਨੂੰ ਨਵਿਆਕੇ ਪਾਣੀ ਦੀ ਉਪਲਬਧਤਾ ਵਧਾਈ ਜਾਵੇ।
ਅਧਿਕਾਰੀਆਂ ਨੇ ਨਵੀਆਂ ਨਹਿਰਾਂ ਕੱਢਣ ਸਬੰਧੀ ਦੱਸਿਆ ਕਿ ਕੰਢੀ ਨੂੰ ਜਲਦੀ ਮੁਕੰਮਲ ਕੀਤਾ ਜਾਵੇਗਾ, ਪੋਜੇਵਾਲ ਤੋਂ ਪਾਈਪਾਂ ਰਾਹੀਂ ਪਾਣੀ ਦੇਣ ਦੀ ਸਕੀਮ ਦੀ ਮੁੜ ਨਜ਼ਰਸਾਨੀ ਕੀਤੀ ਜਾਵੇਗੀ। ਸਭਾ ਵੱਲੋਂ ਮੰਗ ਉਠਾਈ ਗਈ ਕਿ ਅੱਪਰਬਾਰੀ ਦੁਆਬ ਨਹਿਰ ਵਿੱਚੋਂ ਜੋ ਪਾਣੀ ਬਿਆਸ ਦਰਿਆ ਵਿੱਚ ਪਾਇਆ ਜਾ ਰਿਹਾ ਹੈ ਤੁਰੰਤ ਬੰਦ ਕੀਤਾ ਜਾਵੇ ਅਤੇ ਯੂਬੀਡੀਸੀ ਨਹਿਰ ਵਿੱਚ ਸੁਜਾਨਪੁਰ ਅਤੇ ਪਠਾਨਕੋਟ ਸ਼ਹਿਰਾਂ ਦਾ ਪ੍ਰਦੂਸ਼ਿਤ ਪਾਣੀ ਪਾਉਣਾ ਤੁਰੰਤ ਬੰਦ ਕੀਤਾ ਜਾਵੇ।
ਉਨ੍ਹਾਂ ਮੰਗ ਕੀਤੀ ਕਿ ਲੁਧਿਆਣਾ ਸ਼ਹਿਰ ਵਿੱਚੋਂ ਲੰਘਦੇ ਬੁੱਢੇ ਨਾਲ਼ੇ ਦਾ ਗੰਦਾ ਪਾਣੀ ਸਤਲੁਜ ਦਰਿਆ ਵਿੱਚ ਪੈਣ ਤੋਂ ਰੋਕਿਆ ਜਾਵੇ ਅਤੇ ਬੁੱਢੇ ਨਾਲ਼ੇ ਦੀ ਸਫ਼ਾਈ ਲਈ ਐਲਾਨ ਕੀਤੇ 650 ਕਰੋੜ ਰੁਪਏ ਪੰਜਾਬ ਸਰਕਾਰ ਜਲਦੀ ਜਾਰੀ ਕਰੇ।
ਅਧਿਕਾਰੀਆਂ ਨੇ ਦੱਸਿਆ ਕਿ ਦਸਮੇਸ਼ ਨਹਿਰ ਰੂਪਨਗਰ ਦਾ ਸਰਵੇਖਣ ਕੀਤਾ ਜਾ ਚੁੱਕਾ ਹੈ ਅਤੇ ਉਸਾਰੀ ਜਲਦੀ ਸ਼ੁਰੂ ਕੀਤੀ ਜਾਵੇਗੀ। ਸ਼ਾਹਪੁਰ ਕੰਢੀ ਬੈਰਾਜ ਤੋਂ ਨਹਿਰ ਕੱਢੀ ਜਾਵੇਗੀ ਅਤੇ ਇਸੇ ਤਰ੍ਹਾਂ ਰਾਵੀ ਦਰਿਆ ਤੋਂ ਕਿਸਾਨਾਂ ਦੇ ਸੁਝਾਅ ਮੁਤਾਬਿਕ ਨਵੀਂ ਨਹਿਰ ਕੱਢਣ ਲਈ ਸਰਵੇਖਣ ਕਰਵਾਇਆ ਜਾਵੇਗਾ।