ਸਤਵਿੰਦਰ ਬਸਰਾ
ਲੁਧਿਆਣਾ, 18 ਅਕਤੂਬਰ
ਡਾਕ ਵਿਭਾਗ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਛਾਪੇ ਸਪੈਸ਼ਲ ਕਵਰ ਵਿੱਚ ਸ਼ਹੀਦ ਸ਼ਬਦ ਨਾ ਲਿਖਣ ’ਤੇ ਕਈ ਜੱਥੇਬੰਦੀਆਂ ਨੇ ਇਤਰਾਜ਼ ਪ੍ਰਗਟਾਉਂਦਿਆਂ ਅੱਜ ਲੁਧਿਆਣਾ ਦੇ ਮੁੱਖ ਡਾਕ ਘਰ ਪਹੁੰਚ ਕੇ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ। ਜੱਥੇਬੰਦੀਆਂ ਵੱਲੋਂ ਇਸ ਕਵਰ ਵਿੱਚ ਸੋਧ ਕਰਕੇ ਕਰਤਾਰ ਸਿੰਘ ਦੇ ਨਾਂ ਅੱਗੇ ਸ਼ਹੀਦ ਸ਼ਬਦ ਲਗਾਉਣ ਦੀ ਮੰਗ ਕੀਤੀ ਗਈ। ਸਥਾਨਕ ਭਾਰਤ ਚੌਂਕ ਨੇੜੇ ਪੈਂਦੇ ਮੁੱਖ ਡਾਕ ਘਰ ਵਿੱਚ ਇਨਕਲਾਬ ਜ਼ਿੰਦਾਬਾਦ, ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਭਲਾਈ ਮੰਚ ਅਤੇ ਹੋਰ ਜੱਥੇਬੰਦੀਆਂ ਨੇ ਇਕੱਠੇ ਹੋ ਕੇ ਡਾਕ ਵਿਭਾਗ ਵੱਲੋਂ ਕਰਤਾਰ ਸਿੰਘ ਸਰਾਭਾ ’ਤੇ ਛਾਪੇ ਵਿਸ਼ੇਸ਼ ਕਵਰ ਵਿੱਚ ਸ਼ਹੀਦ ਸ਼ਬਦ ਨਾ ਲਿਖਣ, ਸ਼ਹੀਦ ਬਾਰੇ ਜਾਣਕਾਰੀ ਸਿਰਫ ਅੰਗਰੇਜ਼ੀ ਭਾਸ਼ਾ ਵਿੱਚ ਹੀ ਲਿਖਣ ਦੀ ਨਿਖੇਧੀ ਕੀਤੀ। ਜੱਥੇਬੰਦੀਆਂ ਦੇ ਵਫਦ ਨੇ ਡਾਕ ਵਿਭਾਗ ਦੇ ਅਧਿਕਾਰੀਆਂ ਨੂੰ ਮੁੱਖ ਪੋਸਟ ਮਾਸਟਰ ਜਨਰਲ, ਪੰਜਾਬ ਸਰਕਲ ਦੇ ਨਾਂ ਮੰਗ ਪੱਤਰ ਵੀ ਦਿੱਤਾ। ਜੱਥੇਬੰਦੀਆਂ ਦੇ ਨੁਮਾਇੰਦਿਆਂ ਸੁਖਵਿੰਦਰ ਸਿੰਘ, ਬਲਦੇਵ ਸਿੰਘ ਨੇ ਕਿਹਾ ਕਿ ਜੇ ਮੰਗ ਨਾ ਮੰਨੀ ਗਈ ਤਾਂ ਇਨਸਾਫ ਲਈ ਸੰਘਰਸ਼ ਹੋਵੇਗਾ।