ਸੰਤੋਖ ਗਿੱਲ
ਗੁਰੂਸਰ ਸੁਧਾਰ, 29 ਮਈ
ਲਾਗਲੇ ਕਸਬੇ ਰਾਏਕੋਟ ਦੀ ਸਬਜ਼ੀ ਮੰਡੀ ਵਿੱਚ ਗੱਡੀਆਂ ਦੇ ਦਾਖ਼ਲੇ ਲਈ ਪ੍ਰਾਈਵੇਟ ਠੇਕੇਦਾਰ ਵੱਲੋਂ ਵਸੂਲੇ ਜਾ ਰਹੇ ਟੈਕਸ ਵਿਰੁੱਧ ਫਲ-ਸਬਜ਼ੀ ਵਿਕ੍ਰੇਤਾਵਾਂ ਨੇ ਲੜਾਈ ਸੜਕਾਂ ਉੱਪਰ ਲੜਨ ਦਾ ਐਲਾਨ ਕੀਤਾ ਹੈ। ਫਲ-ਸਬਜ਼ੀਆਂ ਵਿਕਰੇਤਾ ਆੜ੍ਹਤੀਆਂ, ਦੁਕਾਨਦਾਰਾਂ ਅਤੇ ਰੇਹੜੀ-ਫੜ੍ਹੀ ਵਾਲਿਆਂ ਵੱਲੋਂ ਤਿੰਨ ਦਿਨਾਂ ਤੋਂ ਜਾਰੀ ਹੜਤਾਲ ਕਾਰਨ ਸ਼ਹਿਰ ਵਾਸੀ ਅਤੇ ਨੇੜਲੇ ਪਿੰਡਾਂ ਦੇ ਲੋਕ ਫਲ-ਸਬਜ਼ੀਆਂ ਨੂੰ ਤਰਸ ਰਹੇ ਹਨ। ਇਸ ਸਬੰਧੀ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਨੇ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ।
ਸੀਟੂ ਆਗੂ ਦਲਜੀਤ ਕੁਮਾਰ ਗੋਰਾ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਇਹ ਲੜਾਈ ਸਬਜ਼ੀ ਮੰਡੀ ਦੀ ਚਾਰਦੀਵਾਰੀ ਤੋਂ ਬਾਹਰ ਸੜਕਾਂ ਉੱਪਰ ਲੜੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਤੱਕ ਇਹ ਜਜ਼ੀਆ ਟੈਕਸ ਵਾਪਸ ਨਹੀਂ ਲਿਆ ਜਾਂਦਾ, ਉਦੋਂ ਤੱਕ ਲੜਾਈ ਜਾਰੀ ਰਹੇਗੀ।
ਫਲ-ਸਬਜ਼ੀ ਵਿਕ੍ਰੇਤਾਵਾਂ ਦੇ ਆਗੂ ਮਨੋਜ ਕੁਮਾਰ, ਧਰਮਪਾਲ ਵੋਹਰਾ, ਗੁਲਸ਼ਨ ਕੁਮਾਰ, ਸਤਪਾਲ, ਬਿੱਟੂ ਜੈਨ, ਕੈਲਾਸ਼ ਦੁਆ, ਗੁਰਨਾਮ ਸਿੰਘ ਅਤੇ ਹਰਜਿੰਦਰ ਸਿੰਘ ਨੇ ਕਿਹਾ ਕਿ ਸਬਜ਼ੀ ਮੰਡੀ ਵਿਚ ਪ੍ਰਾਈਵੇਟ ਠੇਕੇਦਾਰ ਵੱਲੋਂ ਕੋਈ ਬੁਨਿਆਦੀ ਸਹੂਲਤ ਤਾਂ ਨਹੀਂ ਦਿੱਤੀ ਜਾ ਰਹੀ ਪਰ ਉਹ ਦਿਨ-ਰਾਤ ਟੈਕਸ ਵਸੂਲੀ ਵਿਚ ਜੁਟੇ ਹੋਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਮੰਡੀ ਵਿਚ ਥਾਂ-ਥਾਂ ਗੰਦਗੀ ਦੇ ਅੰਬਾਰ ਲੱਗੇ ਹਨ ਅਤੇ ਆੜ੍ਹਤੀ ਅਤੇ ਦੁਕਾਨਦਾਰ ਖ਼ੁਦ ਹੀ ਸਫ਼ਾਈ ਕਰਦੇ ਹਨ, ਆਵਾਰਾ ਪਸ਼ੂ ਹਰ ਹੋਰ ਉਜਾੜਾ ਕਰਦੇ ਹਨ ਪਰ ਵਾਅਦੇ ਦੇ ਬਾਵਜੂਦ ਹਾਲੇ ਤੱਕ ਕੋਈ ਅਮਲ ਨਹੀਂ ਹੋਇਆ। ਆਗੂਆਂ ਅਤੇ ਪ੍ਰਸ਼ਾਸਨ ਦਰਮਿਆਨ ਕਈ ਦੌਰ ਦੀ ਗੱਲਬਾਤ ਦਾ ਹਾਲੇ ਤੱਕ ਕੋਈ ਨਤੀਜਾ ਸਾਹਮਣੇ ਨਹੀਂ ਆਇਆ ਹੈ।