ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 7 ਅਕਤੂਬਰ
ਮਾਰਕਸਵਾਦੀ ਕਮਿਊਨਿਸਟ ਪਾਰਟੀ ਵੱਲੋਂ ਅੱਜ ਇੱਥੇ ਪੰਜਾਬ ਅੰਦਰ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ, ਨਸ਼ੇ ਤੇ ਰੇਤ ਸਮੇਤ ਹੋਰ ਮਾਫੀਆ ਨੂੰ ਨੱਥ ਨਾ ਪਾਉਣ ਸਮੇਤ ਲਟਕਦੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਤਹਿਸੀਲ ਸਕੱਤਰ ਗੁਰਦੀਪ ਸਿੰਘ ਕੋਟਉਮਰਾ ਦੀ ਅਗਵਾਈ ‘ਚ ਪ੍ਰਸ਼ਾਸਨਿਕ ਅਧਿਕਾਰੀ ਰਾਹੀਂ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਵੀ ਭੇਜਿਆ। ਇਸ ਮੌਕੇ ਕਾਮਰੇਡ ਕੋਟਉਮਰਾ, ਅਜੀਤ ਸਿੰਘ ਘਮਣੇਵਾਲ, ਜਗਜੀਤ ਸਿੰਘ ਡਾਂਗੀਆਂ, ਮੱਖਣ ਸਿੰਘ, ਬੂਟਾ ਸਿੰਘ ਹਾਂਸ ਤੇ ਹੋਰਨਾਂ ਨੇ ਕਿਹਾ ਕਿ ਬਦਲਾਅ ਦੇ ਨਾਅਰੇ ਹੇਠ ਵੱਡਾ ਫਤਵਾ ਲੈ ਕੇ ਸੱਤਾ ‘ਚ ਆਈ ਆਮ ਆਦਮੀ ਪਾਰਟੀ ਦੇ ਰਾਜ ‘ਚ ਅਮਨ ਕਾਨੂੰਨ ਦੀ ਸਥਿਤੀ ਹੋਰ ਵਿਗੜੀ ਹੈ। ਇਸ ‘ਤੇ ਕਾਬੂ ਪਾਉਣ ਦੀ ਮੰਗ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਰੋਜ਼ਾਨਾ ਰਾਜ ਦੇ ਕਈ ਹਿੱਸਿਆਂ ‘ਚੋਂ ਤਿੰਨ ਚਾਰ ਗੁੰਡਾਗਰਦੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸੇ ਤਰ੍ਹਾਂ ਨਸ਼ਿਆਂ ਦੇ ਖ਼ਾਤਮੇ ਦਾ ਵਾਅਦਾ ਪੂਰਾ ਕਰਨ ‘ਚ ਵੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨਾਕਾਮ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਰੇਤ ਮਾਫੀਆ ਵੀ ਉਸੇ ਤਰ੍ਹਾਂ ਕੰਮ ਕਰ ਰਿਹਾ ਹੈ ਤੇ ਆਮ ਲੋਕਾਂ ਨੂੰ ਸੱਤਾ ਤਬਦੀਲੀ ਮਗਰੋਂ ਵੀ ਸਸਤਾ ਰੇਤ ਬਜਰੀ ਨਸੀਬ ਨਹੀਂ ਹੋ ਰਿਹਾ। ਨਸ਼ਾ ਤੇ ਰੇਤ ਮਾਫੀਆ ਨੂੰ ਕਾਬੂ ਕਰਨ ਦੀ ਮੰਗ ਕਰਦਿਆਂ ਉਨ੍ਹਾਂ ਚੋਣਾਂ ਦੌਰਾਨ ਕੀਤੇ ਸਾਰੇ ਵਾਅਦੇ ਪੂਰੇ ਕਰਨ ਦੀ ਮੰਗ ਕੀਤੀ ਹੈ। ਆਬਾਦਕਾਰਾਂ ਦੀ ਜ਼ਮੀਨ ਖੋਹਣ ਦੀ ਥਾਂ ਗਰੀਬ ਕਿਸਾਨਾਂ ਤੇ ਮਜ਼ਦੂਰਾਂ ਨੂੰ ਮਾਲਕੀ ਹੱਕ ਦਿੱਤਾ ਜਾਵੇ। ਮੁਜ਼ਾਹਰੇ ‘ਚ ਬਲਦੇਵ ਸਿੰਘ, ਕਰਮ ਸਿੰਘ, ਕਰਨੈਲ ਸਿੰਘ, ਸੁਖਦੇਵ ਸਿੰਘ, ਮੱਘਰ ਸਿੰਘ, ਬਾਗੀ ਸਿੰਘ ਤੇ ਸੁਖਦੀਪ ਸਿੰਘ ਆਦਿ ਸ਼ਾਮਲ ਸਨ।