ਗੁਰਿੰਦਰ ਸਿੰਘ
ਲੁਧਿਆਣਾ, 29 ਅਕਤੂਬਰ
ਮਜਲਿਸ ਅਹਿਰਾਰ ਇਸਲਾਮ ਹਿੰਦ ਦੀ ਅਗਵਾਈ ਹੇਠ ਮੁਸਲਿਮ ਭਾਈਚਾਰੇ ਨੇ ਬੀਤੇ ਇੱਕ ਹਫ਼ਤੇ ਤੋਂ ਤ੍ਰਿਪੁਰਾ ’ਚ ਮਸਜਿਦਾਂ ’ਤੇ ਹੋ ਰਹੇ ਹਮਲਿਆਂ ਵਿਰੁੱਧ ਰੋਸ ਮੁਜ਼ਾਹਰਾ ਕਰਦੇ ਹੋਏ ਇੱਥੇ ਸਰਕਾਰ ਦਾ ਪੁਤਲਾ ਫੂਕਿਆ ਹੈ।
ਅੱਜ ਇੱਥੇ ਇਤਿਹਾਸਕ ਜਾਮਾ ਮਸਜਿਦ ਲੁਧਿਆਣਾ ਦੇ ਬਾਹਰ ਵੱਡੀ ਗਿਣਤੀ ’ਚ ਇਕੱਠੇ ਹੋਏ ਮੁਸਲਮਾਨਾਂ ਨਿੱਜੀ ਕੇਂਦਰ ਅਤੇ ਰਾਜ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਭਾਰਤੀ ਮੁਸਲਮਾਨਾਂ ਨੇ ਹਮੇਸ਼ਾ ਹੀ ਸੱਚ ਅਤੇ ਹੱਕ ਦੀ ਗੱਲ ਕੀਤੀ ਹੈ ਪਰ ਪਿਛਲੇ ਦਿਨੀਂ ਜਦੋਂ ਕਸ਼ਮੀਰ, ਪਾਕਿਸਤਾਨ ਅਤੇ ਬੰਗਲਾਦੇਸ਼ ’ਚ ਹਿੰਦੂ-ਸਿੱਖ ਭਰਾਵਾਂ ਨਾਲ ਜ਼ੁਲਮ ਹੋਇਆ ਸੀ ਤਾਂ ਮੁਸਲਮਾਨਾਂ ਨੇ ਵੀ ਪਾਕਿਸਤਾਨ ਦੀ ਨਿੰਦਾ ਕੀਤੀ ਸੀ, ਪਰ ਬੰਗਲਾਦੇਸ਼ ’ਚ ਹੋਈ ਹਿੰਸਾ ਨੂੰ ਬਹਾਨਾ ਬਣਾ ਕੇ ਤ੍ਰਿਪੁਰਾ ’ਚ ਮਸਜਿਦਾਂ ’ਤੇ ਕੀਤੇ ਜਾ ਰਹੇ ਹਮਲੇ ਅਫ਼ਸੋਸਨਾਕ ਅਤੇ ਦੇਸ਼ ਲਈ ਸ਼ਰਮ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਕੌਮੀ ਮੀਡੀਆ ਦੀ ਇਸ ਮਾਮਲੇ ’ਚ ਧਾਰਨ ਕੀਤੀ ਖਾਮੋਸ਼ੀ ਵੀ ਕਈ ਸਵਾਲ ਖੜ੍ਹੇ ਕਰਦੀ ਹੈ। ਉਨਾਂ ਕਿਹਾ ਕਿ ਅੱਜ ਜੋ ਲੋਕ ਧਰਮ ਦੇ ਨਾਮ ’ਤੇ ਹਿੰਸਾ ਦਾ ਖਾਮੋਸ਼ੀ ਨਾਲ ਸਮਰਥਨ ਕਰ ਰਹੇ ਹਨ ਉਹ ਯਾਦ ਰੱਖਣ ਕਿ ਸ਼ਰਾਰਤੀ ਅਨਸਰ ਅਤੇ ਦਹਿਸ਼ਤਗਰਦ ਕਿਸੇ ਦੇ ਮਿੱਤਰ ਨਹੀਂ ਹੁੰਦੇ, ਜਿਹੜੇ ਆਪਣੇ ਸਵਾਰਥਾਂ ਲਈ ਕਿਸੇ ਨੂੰ ਵੀ ਨਿਸ਼ਾਨਾ ਬਣਾ ਸਕਦੇ ਹਨ।
ਸ਼ਾਹੀ ਇਮਾਮ ਪੰਜਾਬ ਨੇ ਕਿਹਾ ਕਿ ਤ੍ਰਿਪੁਰਾ ਸਰਕਾਰ ਖਾਮੋਸ਼ੀ ਨਾਲ ਚੁੱਪਚਾਪ ਤਮਾਸ਼ਾ ਵੇਖ ਰਹੀ ਹੈ ਅਤੇ ਸਰਕਾਰ ਦੰਗਾਈਆਂ ’ਤੇ ਕਾਬੂ ਨਹੀਂ ਪਾ ਰਹੀ। ਉਨਾਂ ਕਿਹਾ ਕਿ ਮੁਸਲਿਮ ਭਾਈਚਾਰਾ ਦੇਸ਼ ਭਰ ’ਚ ਪੂਰੀ ਤਾਕਤ ਨਾਲ ਸੱਚ ਦੀ ਆਵਾਜ਼ ਚੁੱਕਦਾ ਰਹੇਗਾ। ਉਨ੍ਹਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੋਂ ਮੰਗ ਕੀਤੀ ਕਿ ਤ੍ਰਿਪੁਰਾ ’ਚ ਹੋ ਰਹੇ ਦੰਗਿਆਂ ਨੂੰ ਫੌਜ ਰਾਹੀਂ ਬੰਦ ਕਰਵਾ ਕੇ ਸ਼ਾਂਤੀ ਸਥਾਪਤ ਕੀਤੀ ਜਾਵੇ ਅਤੇ ਨਾਕਾਮ ਹੋ ਗਈ ਰਾਜ ਸਰਕਾਰ ਨੂੰ ਤੁਰੰਤ ਬਰਖਾਸਤ ਕਰ ਦਿੱਤਾ ਜਾਵੇ।