ਜਸਬੀਰ ਸ਼ੇਤਰਾ
ਜਗਰਾਉਂ, 25 ਦਸੰਬਰ
ਕਿਸਾਨ ਜਥੇਬੰਦੀ ਦੇ ਕਾਰਕੁਨਾਂ ਦੀ ਸਹਾਇਤਾ ਨਾਲ ਅੱਜ ਕਿਸਾਨਾਂ ਨੇ ਭੂੰਦੜੀ ਸਹਿਕਾਰੀ ਸਭਾ ਦੇ ਅੱਗੇ ਧਰਨਾ ਦਿੱਤਾ। ਧਰਨਾਕਾਰੀਆਂ ਵਿੱਚ ਇਸ ਗੱਲ ਨੂੰ ਲੈ ਕੇ ਰੋਸ ਸੀ ਕਿ ਯੂਰੀਆ ਖਾਦ ਦੀ ਗਲਤ ਵੰਡ ਕੀਤੀ ਗਈ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਰਾਮਸ਼ਰਨ ਸਿੰਘ ਅਤੇ ਗੁਰਮੇਲ ਸਿੰਘ ਭਰੋਵਾਲ ਨੇ ਕਿਹਾ ਕਿ ਕਿ ਖੇਤੀਬਾੜੀ ਸਹਿਕਾਰੀ ਸਭਾਵਾਂ ਆਮ ਕਿਸਾਨਾਂ ਦੇ ਭਲੇ ਲਈ ਬਣੀਆਂ ਹਨ ਪਰ ਕਈ ਸਹਿਕਾਰੀ ਸਭਾਵਾਂ ਦੇ ਅਹੁਦੇਦਾਰ ਕਿਸਾਨ ਮੈਂਬਰਾਂ ਦੀ ਮਰਜ਼ੀ ਦੇ ਉਲਟ ਆਪਣੀ ਮਨਮਰਜ਼ੀ ਨਾਲ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੀ ਘਟਨਾ ਪਿੰਡ ਭੂੰਦੜੀ ਦੀ ਸਹਿਕਾਰੀ ਸਭਾ ਵਿੱਚ ਵਾਪਰੀ ਜਿੱਥੇ ਸਭਾ ਦੇ ਅਹੁਦੇਦਾਰਾਂ ਨੇ ਆਈ ਯੂਰੀਆ ਖਾਦ ਦਾ ਵੱਡਾ ਹਿੱਸਾ ਆਪਣੇ ਘਰ ਰੱਖ ਲਿਆ। ਉਧਰ ਲੋੜਵੰਦ ਕਿਸਾਨ ਇਸ ਯੂਰੀਆ ਖਾਦ ਲਈ ਭਟਕ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਪਹਿਲਾ ਮੌਕਾ ਨਹੀਂ ਜਦੋਂ ਅਜਿਹੀ ‘ਕਾਣੀ ਵੰਡ’ ਹੋਈ ਕਿਉਂਕਿ ਇਸ ਤੋਂ ਪਹਿਲਾਂ ਡੀਏਪੀ ਖਾਦ ਦਾ ਵੱਡਾ ਹਿੱਸਾ ਵੀ ਅਹੁਦੇਦਾਰਾਂ ਨੇ ਆਪਣੇ ਕਬਜ਼ੇ ’ਚ ਕਰ ਲਿਆ ਸੀ। ਇਸ ਰੋਸ ’ਚ ਹੀ ਕਿਸਾਨਾਂ ਨੇ ਸਹਿਕਾਰੀ ਸਭਾ ਦੇ ਗੇਟ ਅੱਗੇ ਰੋਹ ਭਰਪੂਰ ਧਰਨਾ ਦਿੱਤਾ ਅਤੇ ਮੰਗ ਕੀਤੀ ਕਿ ਪ੍ਰਸ਼ਾਸਨ ਯੂਰੀਆ ਖਾਦ ਦੇ ਕਥਿਤ ਘਪਲੇ ਦੀ ਜਾਂਚ ਕਰਵਾਏ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਇਸ ਮਾਮਲੇ ’ਚੀ ਪੜਤਾਲ ਕਰਵਾ ਕੇ ਕਾਰਵਾਈ ਨਾ ਕੀਤੀ ਗਈ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਪ੍ਰਧਾਨ ਸੁਖਦੇਵ ਸਿੰਘ ਭੂੰਦੜੀ, ਜਸਵੀਰ ਸਿੰਘ ਸੀਰਾ, ਮੇਜਰ ਸਿੰਘ ਫ਼ੌਜੀ, ਛਿੰਦਰਪਾਲ ਸਿੰਘ, ਦਰਸ਼ਨ ਸਿੰਘ ਆਦਿ ਹਮਾਇਤ ਵਜੋਂ ਧਰਨੇ ’ਚ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਾਲ ਸਬੰਧਤ ਕਿਸਾਨਾਂ ਤੇ ਮਜ਼ਦੂਰਾਂ ਦੇ ਮਸਲੇ ਉਸੇ ਤਰ੍ਹਾਂ ਲਟਕਦੇ ਆ ਰਹੇ ਹਨ। ਸ਼ਹੀਦ ਕਿਸਾਨਾਂ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਤੇ ਆਸ਼ਰਿਤਾਂ ਨੂੰ ਨੌਕਰੀ ਦੇਣ ’ਚ ਦੇਰੀ ਹੋ ਰਹੀ ਹੈ। ਉਨ੍ਹਾਂ ਪਿਛਲੇ ਦਿਨੀਂ ਭੂੰਦੜੀ ਦੇ ਗਰੀਬ ਕਿਸਾਨ ਵੱਲੋਂ ਕੀਤੀ ਖੁਦਕੁਸ਼ੀ ਮਾਮਲੇ ’ਚ ਵੀ ਮੁਆਵਜ਼ੇ ਦੀ ਮੰਗ ਕੀਤੀ।
ਬੀਕੇਯੂ ਦੀ ਭੂੰਦੜੀ ਇਕਾਈ ਦੀ ਚੋਣ
ਜਗਰਾਉਂ: ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਭੂੰਦੜੀ ਇਕਾਈ ਦੀ ਅੱਜ ਚੋਣ ਕੀਤੀ ਗਈ। ਇਸ ’ਚ ਪ੍ਰਧਾਨ ਅਮਰੀਕ ਸਿੰਘ ਰਾਮਾ, ਮੀਤ ਪ੍ਰਧਾਨ ਮਨਦੀਪ ਸਿੰਘ ਐਤੀਆਣਾ, ਸਕੱਤਰ ਸਿਕੰਦਰ ਸਿੰਘ ਮੁਕੰਦਪੁਰ, ਖਜ਼ਾਨਚੀ ਮਨਜਿੰਦਰ ਸਿੰਘ ਖੇੜੀ, ਪ੍ਰੈੱਸ ਸਕੱਤਰ ਜਗਦੇਵ ਸਿੰਘ ਕੋਟਉਮਰਾ ਚੁਣੇ ਗਏ। ਕਮੇਟੀ ਮੈਂਬਰ ਭੋਲਾ ਸਿੰਘ, ਪ੍ਰਿਤਪਾਲ ਸਿੰਘ ਧਾਂਦਰਾ, ਸਤਵੰਤ ਸਿੰਘ ਰਾਮਾ, ਦਲਜੀਤ ਸਿੰਘ ਸਵੱਦੀ, ਗਗਨਦੀਪ ਸਿੰਘ ਚੀਮਨਾ, ਜਗਦੀਪ ਸਿੰਘ ਚੁਣੇ ਗਏ। ਚੋਣ ਮੌਕੇ ਸਾਬਕਾ ਸਰਪੰਚ ਉਜਾਗਰ ਸਿੰਘ, ਲੱਖਾ ਸਿੰਘ ਗੋਰਾਹੂਰ, ਸੁਰਜੀਤ ਸਿੰਘ, ਮੇਜਰ ਸਿੰਘ ਦਿਉਲ, ਆਜੈਬ ਸਿੰਘ ਆਦਿ ਮੌਜੂਦ ਸਨ।