ਖੇਤਰੀ ਪ੍ਰਤੀਨਿਧ
ਲੁਧਿਆਣਾ, 30 ਮਈ
ਡੈਮੋਕ੍ਰੇਟਿਕ ਟੀਚਰ ਫਰੰਟ ਦੇ ਆਗੂਆਂ ਨੇ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਵਿਚ ਪ੍ਰਾਇਮਰੀ ਅਧਿਆਪਕਾਂ ਦੀਆਂ ਤਰੱਕੀਆਂ ਪਿਛਲੇ ਕਈ ਸਾਲਾਂ ਤੋਂ ਰੁਕੀਆ ਹੋਈਆਂ ਹਨ। ਫਰੰਟ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਅਕਾਲਗੜ੍ਹ ਨੇ ਦੱਸਿਆ ਕਿ ਡੀਪੀਆਈ (ਐਲੀਮੈਂਟਰੀ ਸਿੱਖਿਆ) ਪੰਜਾਬ ਵੱਲੋਂ ਮਈ 2020 ਨੂੰ ਇੱਕ ਪੱਤਰ ਜਾਰੀ ਕਰਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿ.) ਲੁਧਿਆਣਾ ਨੂੰ ਹਦਾਇਤ ਕੀਤੀ ਗਈ ਸੀ ਕਿ ਇਕ ਹਫ਼ਤੇ ਦੇ ਅੰਦਰ ਅੰਦਰ ਐੱਚਟੀ ਤੇ ਸੀਐੱਚਟੀ ਦੀਆਂ ਪ੍ਰਮੋਸ਼ਨਾਂ ਕਰ ਦਿੱਤੀਆਂ ਜਾਣ। ਉਸ ਤੋਂ ਬਾਅਦ ਸਬੰਧਤ ਸ਼੍ਰੇਣੀਆਂ ਨਾਲ ਸਬੰਧਤ ਰੋਸਟਰ ਜ਼ਿਲ੍ਹਾ ਭਲਾਈ ਅਫ਼ਸਰ ਲੁਧਿਆਣਾ ਨੂੰ ਭੇਜਿਆ ਗਿਆ, ਜਿਸ ਵਿੱਚ ਕਥਿਤ ਤੌਰ ’ਤੇ ਕਈ ਨੁਕਸ ਹੋਣ ਕਰਕੇ ਜ਼ਿਲ੍ਹਾ ਭਲਾਈ ਅਫਸਰ ਵੱਲੋਂ ਇਹ ਰੋਸਟਰ ਕਈ ਵਾਰ ਵਾਪਸ ਕੀਤਾ ਗਿਆ। ਅਖੀਰ 29 ਜੁਲਾਈ 2020 ਨੂੰ ਭਾਵੇਂ ਇਹ ਰੋਸਟਰ ਪਾਸ ਕਰ ਦਿੱਤਾ ਗਿਆ ਪਰ ਅਜੇ ਤਕ ਕੁਝ ਨਹੀਂ ਹੋਇਆ। ਉਨ੍ਹਾਂ ਸਿੱਖਿਆ ਮੰਤਰੀ ਪੰਜਾਬ ਅਤੇ ਸਿੱਖਿਆ ਸਕੱਤਰ ਪੰਜਾਬ ਪਾਸੋਂ ਦਖਲ ਦੇ ਕੇ ਤੁਰੰਤ ਇਹ ਤਰੱਕੀਆਂ ਕਰਵਾਉਣ ਦੀ ਮੰਗ ਕੀਤੀ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਸਕੱਤਰ ਰੁਪਿੰਦਰਪਾਲ ਗਿੱਲ ਅਤੇ ਸਟੇਟ ਕਮੇਟੀ ਮੈਂਬਰ ਰਮਨਜੀਤ ਸਿੰਘ ਸੰਧੂ, ਜੰਗਪਾਲ ਰਾਏਕੋਟ, ਪ੍ਰਭਜੋਤ ਤਲਵੰਡੀ, ਮਨਪ੍ਰੀਤ ਸਿੰਘ, ਰਕੇਸ਼ ਪੁਹੀੜ, ਬਲਵੀਰ ਸਿੰਘ ਬਾਸੀਆਂ, ਅੰਮ੍ਰਿਤਪਾਲ ਸਿੰਘ, ਕੇਵਲ ਮਾਂਗਟ ਅਤੇ ਹੋਰ ਆਗੂ ਵੀ ਮੌਜੂਦ ਸਨ।
ਛੁੱਟੀਆਂ ਦੌਰਾਨ ਅਧਿਆਪਕਾਂ ਤੋਂ ਕੰਮ ਲੈਣ ਦੀ ਨੀਤੀ ਰੱਦ ਕਰਨ ਦੀ ਮੰਗ
ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਲੁਧਿਆਣਾ ਨੇ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਕਰਨ ਦੇ ਬਾਵਜੂਦ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਚੌਵੀ ਘੰਟੇ ਮਾਨਸਿਕ ਦਬਾਅ ਹੇਠ ਰੱਖਣ ਅਤੇ ਅੰਕੜਿਆਂ ਦੀ ਝੂਠੀ ਖੇਡ ਖੇਡਣ ਲਈ ਜਾਣੇ ਜਾਂਦੇ ਸਿੱਖਿਆ ਸਕੱਤਰ ਵੱਲੋਂ ਆਪਹੁਦਰੇ ਢੰਗ ਨਾਲ ਅਧਿਆਪਕਾਂ ਨੂੰ ਵੋਕੇਸ਼ਨ ਸਟਾਫ ਹੋਣ ਦੇ ਬਾਵਜੂਦ ਸਕੂਲਾਂ ਦੇ ਵੱਖ-ਵੱਖ ਕੰਮਾਂ ਵਿੱਚ ਉਲਝਾ ਕੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਅਜਿਹੇ ਗੈਰਵਾਜਬ ਫੈਸਲਿਆਂ ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।