ਪੱਤਰ ਪ੍ਰੇਰਕ
ਮਾਛੀਵਾੜਾ, 15 ਜੁਲਾਈ
ਮੰਡ ਚੌਂਤਾ ਦੇ ਅਬਾਦਕਾਰ ਕਿਸਾਨਾਂ ਖਿਲਾਫ਼ ਥਾਣਾ ਕੂੰਮਕਲਾਂ ਵਿਚ ਦਰਜ ਕੀਤੇ ਗਏ ਪਰਚੇ ਦੇ ਮਾਮਲੇ ਵਿਚ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਜ਼ਿਲ੍ਹਾ ਪੰਚਾਇਤ ਅਫ਼ਸਰ ਅਮਰਿੰਦਰ ਚੌਹਾਨ ਅਤੇ ਨਾਇਬ ਤਹਿਸੀਲਦਾਰ ਜਗਦੀਪ ਇੰਦਰ ਸੋਢੀ ਨਾਲ ਮੁਲਾਕਾਤ ਕੀਤੀ। ਮੀਟਿੰਗ ਉਪਰੰਤ ਜਥੇਬੰਦੀਆਂ ਦੇ ਨੁਮਾਇੰਦੇ ਕਾਮਰੇਡ ਅਮਰਨਾਥ ਕੂੰਮਕਲਾਂ, ਅਵਤਾਰ ਸਿੰਘ ਮੇਹਲੋਂ, ਸਤਪਾਲ ਜੋਸ਼ੀਲਾ, ਦਿਲਬਾਗ ਸਿੰਘ, ਸਿਕੰਦਰ ਬਖ਼ਸ਼ ਮੰਡ ਚੌਂਤਾ, ਗਿਆਨ ਸਿੰਘ ਮੰਡ, ਸਤਪਾਲ ਰਾਣਾ ਨੇ ਦੱਸਿਆ ਕਿ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਕਿਸਾਨਾਂ ਖਿਲਾਫ਼ ਜੋ ਪਰਚੇ ਦਰਜ ਕਰਵਾਏ ਹਨ ਉਹ ਜਾਂਚ ਕਰਕੇ ਵਾਪਸ ਲੈ ਲਏ ਜਾਣਗੇ। ਇਸ ਮਗਰੋਂ ਜਥੇਬੰਦੀਆਂ ਦੇ ਆਗੂਆਂ ਨੇ 16 ਜੁਲਾਈ ਨੂੰ ਲੱਗਣ ਵਾਲਾ ਧਰਨਾ ਮੁਲਤਵੀ ਕਰ ਦਿੱਤਾ। ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਮੰਡ ਚੌਂਤਾ ਦੀ ਜ਼ਮੀਨ ਸਤਲੁਜ ਦਰਿਆ ਅੰਦਰ ਹੈ ਜਿਸ ਉੱਪਰ ਪੰਚਾਇਤ ਦਾ ਕੋਈ ਹੱਕ ਨਹੀਂ। ਇਸ ਤੋਂ ਇਲਾਵਾ ਜੋ 18 ਕਿਸਾਨਾਂ ਖਿਲਾਫ਼ ਪਰਚੇ ਦਰਜ ਕੀਤੇ ਗਏ ਹਨ ਉਨ੍ਹਾਂ ’ਚੋਂ 17 ਦਾ ਜ਼ਮੀਨ ਨਾਲ ਕੋਈ ਸਬੰਧ ਨਹੀਂ ਜਿਸ ਕਾਰਨ ਇਸ ਨੂੰ ਰੱਦ ਕੀਤਾ ਜਾਵੇ। ਇਸ ਮੌਕੇ ਡੀਡੀਪੀਓ ਅਮਰਿੰਦਰ ਚੌਹਾਨ ਅਤੇ ਥਾਣਾ ਮੁਖੀ ਕੁਲਬੀਰ ਭਾਰਦਵਾਜ ਨੇ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਉਹ ਮਾਮਲੇ ਦੀ ਜਾਂਚ ਤੋਂ ਬਾਅਦ ਕਿਸੇ ਖਿਲਾਫ਼ ਵੀ ਧੱਕੇਸ਼ਾਹੀ ਨਹੀਂ ਹੋਣ ਦੇਣਗੇ।