ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 5 ਜੂਨ
ਕੁਲਵੰਤ ਕੌਰ ਮਾਮਲੇ ’ਚ ਨਾਮਜ਼ਦ ਡੀਐੱਸਪੀ ਸਮੇਤ ਬਾਕੀ ਚਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੱਕ ਧਰਨਾ ਜਾਰੀ ਰੱਖਣ ਦਾ ਅਹਿਦ ਅੱਜ ਇਥੇ ਥਾਣੇ ਅੱਗੇ ਚੱਲਦੇ ਧਰਨੇ ਦੇ 75ਵੇਂ ਦਿਨ ਦੁਹਰਾਇਆ ਗਿਆ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦਾ ਵੱਡਾ ਜਥਾ ਚੌਕੀਮਾਨ ਤੋਂ ਚੱਲ ਕੇ ਅੱਜ ਦੇ ਧਰਨੇ ’ਚ ਸ਼ਾਮਲ ਹੋਇਆ ਅਤੇ ਜਗਰਾਉਂ-ਰਾਏਕੋਟ ਮੁੱਖ ਮਾਰਗ ’ਤੇ ਲੱਗੇ ਹੋਏ ਧਰਨੇ ਦੌਰਾਨ ਰੈਲੀ ਕੀਤੀ ਗਈ। ਜ਼ਿਕਰਯੋਗ ਹੈ ਕਿ ਕੁਲਵੰਤ ਕੌਰ ’ਤੇ ਸੋਲਾਂ ਸਾਲ ਪਹਿਲਾਂ ਕਥਿਤ ਪੁਲੀਸ ਤਸ਼ੱਦਦ ਹੋਇਆ, ਜਿਸ ਮਗਰੋਂ ਉਹ ਚੱਲਣ-ਫਿਰਨ ਦੇ ਅਸਮਰੱਥ ਹੋ ਗਈ। ਡੇਢ ਦਹਾਕਾ ਮੰਜੇ ’ਤੇ ਪਏ ਰਹਿਣ ਮਗਰੋਂ ਬੀਤੇ ਸਾਲ ਦਸੰਬਰ ਵਿੱਚ ਉਸ ਦੀ ਮੌਤ ਹੋਣ ਮਗਰੋਂ ਪੁਲੀਸ ਨੇ ਸੰਗੀਨ ਧਾਰਾਵਾਂ ਤਹਿਤ ਡੀਐੱਸਪੀ ਸਮੇਤ ਚਾਰਾਂ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਪਰ ਪੰਜ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ’ਤੇ ਵੀ ਗ੍ਰਿਫ਼ਤਾਰੀਆਂ ਨਹੀਂ ਹੋਈਆਂ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਅੱਜ ਧਰਨਾ 75ਵੇਂ ਦਿਨ ਵੀ ਜਾਰੀ ਰਿਹਾ। ਯੂਨੀਅਨ ਦੇ ਜਨਰਲ ਸਕੱਤਰ ਮਾਸਟਰ ਜਸਦੇਵ ਸਿੰਘ ਲਲਤੋਂ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਵਿਧਾਇਕ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ।