ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 13 ਮਾਰਚ
ਵਿਆਹਾਂ ਤੇ ਹੋਰ ਸਮਾਗਮਾਂ ’ਚ ਹਥਿਆਰ ਚਲਾਉਣ ਦੇ ਸ਼ੌਂਕੀਨਾਂ ਨੂੰ ਹੁਣ ਫਾਇਰ ਕਰਨ ਦਾ ਸ਼ੌਕ ਮਹਿੰਗਾ ਪੈ ਸਕਦਾ ਹੈ। ਜੇ ਪੁਲੀਸ ਦੇ ਕੋਲ ਕੋਈ ਸ਼ਿਕਾਇਤ ਜਾਂ ਫਿਰ ਵੀਡੀਓ ਚਲੀ ਗਈ ਤਾਂ ਹੁਣ ਉਸ ’ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਹੁਕਮ ਜਾਰੀ ਕਰ ਦਿੱਤੇ ਹਨ ਕਿ ਜੇ ਕੋਈ ਵਿਅਕਤੀ ਵਿਆਹ ਸਮਾਗਮ ਜਾਂ ਫਿਰ ਕਿਸੇ ਹੋਰ ਸਮਾਗਮ ਦੌਰਾਨ ਹਵਾਈ ਫਾਇਰ ਕਰਦਾ ਹੈ ਤਾਂ ਉਸ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਹੁਣ ਲਾਇਸੈਂਸੀ ਅਸਲੇ ਤੋਂ ਵੀ ਗੋਲੀ ਚਲਾਉਣੀ ਆਸਾਨ ਨਹੀਂ ਹੋਵੇਗੀ। ਇੰਨ੍ਹਾ ਹੀ ਨਹੀਂ ਪੁਲੀਸ ਕਮਿਸ਼ਨਰ ਨੇ ਇਹ ਵੀ ਕਿਹਾ ਹੈ ਕਿ ਪੈਲੇਸਾਂ ਵਿੱਚ ਹਥਿਆਰ ਲਿਜਾਣ ’ਤੇ ਵੀ ਪਾਬੰਦੀ ਹੋਵੇਗੀ, ਪਰ ਇਸ ਦੇ ਬਾਵਜੂਦ ਕੁਝ ਲੋਕ ਹਥਿਆਰ ਲੈ ਜਾਂਦੇ ਹਨ, ਇਸ ਲਈ ਜਿਨ੍ਹਾਂ ਪੈਲੇਸਾਂ ’ਚ ਇਨ੍ਹਾਂ ਹੁਕਮਾਂ ਦੀਆਂ ਧੱਜੀਆਂ ਉਡਣਗੀਆਂ, ਉਨ੍ਹਾਂ ਮੈਰਿਜ ਪੈਲੇਸ ਵਾਲਿਆਂ ਦੇ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਪੁਲੀਸ ਕਮਿਸ਼ਨਰ ਨੇ ਕਿਹਾ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਵਿਆਹ ਸਮਾਗਮ ਦੌਰਾਨ ਨਸ਼ੇ ਦੀ ਹਾਲਤ ’ਚ ਲਾਇਸੈਂਸੀ ਅਸਲੇ ਦੀ ਵਰਤੋਂ ਕਰਦੇ ਹਨ। ਇਸੇ ਕਾਰਨ ਇਹ ਕਦਮ ਚੁੱਕਿਆ ਹੈ। ਪੁਲੀਸ ਕਮਿਸ਼ਨਰ ਨੇ ਕਿਹਾ ਕਿ ਜੇ ਕੋਈ ਵਿਅਕਤੀ ਹਥਿਆਰ ਲੈ ਕੇ ਮੈਰਿਜ ਪੈਲੇਸ ’ਚ ਦਾਖ਼ਲ ਹੋਇਆ ਤਾਂ ਮੈਰਿਜ ਪੈਲੇਸ ਮਾਲਕ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਇਸ ਦੀ ਸੂਚਨਾ ਤੁਰੰਤ ਸਬੰਧਤ ਥਾਣੇ ਜਾਂ ਚੌਕੀ ਨੂੰ ਦੇਵੇ।
ਲੁਧਿਆਣਾ ਵਿੱਚ ਕਰੋਨਾ ਨਾਲ ਤਿੰਨ ਮੌਤਾਂ
ਗਗਨਦੀਪ ਅਰੋੜਾ
ਲੁਧਿਆਣਾ, 13 ਮਾਰਚ
ਕਰੋਨਾ ਨੂੰ ਹਲਕੇ ’ਚ ਲੈ ਕੇ ਮਾਸਕ ਨਾ ਪਾਉਣਾ, ਸਮਾਜਿਕ ਦੂਰੀ ਦਾ ਧਿਆਨ ਨਾ ਰੱਖਣਾ ਤੇ ਭੀੜ ਇਕੱਠੀ ਕਰਨਾ ਤੇ ਭੀੜ ਦਾ ਹਿੱਸਾ ਬਣਨ ਵਾਲੇ ਲੋਕਾਂ ’ਤੇ ਹੁਣ ਕਰੋਨਾ ਭਾਰੀ ਪੈਣ ਲੱਗਿਆ ਹੈ। ਮਾਰਚ ’ਚ ਕਰੋਨਾ ਵਾਇਰਸ ਇੱਕ ਵਾਰ ਫਿਰ ਤੋਂ ਤੇਜ਼ੀ ਨਾਲ ਵਧਣ ਲੱਗਿਆ ਹੈ। ਸ਼ਨਿੱਚਰਵਾਰ ਨੂੰ ਲੁਧਿਆਣਾ ’ਚ ਇੱਕ ਦਿਨ ’ਚ ਕਰੋਨਾ ਦੇ 220 ਦੇ ਕਰੀਬ ਕੇਸ ਸਾਹਮਣੇ ਆਏ। ਇਸ ’ਚ 180 ਲੁਧਿਆਣਾ ਨਾਲ ਸਬੰਧਤ ਹਨ ਤੇ 40 ਮਾਮਲੇ ਹੋਰਨਾਂ ਜ਼ਿਲ੍ਹਿਆਂ ਦੇ ਹਨ। ਸਤੰਬਰ ਤੋਂ ਬਾਅਦ ਪਹਿਲੀ ਵਾਰ ਅਜਿਹਾ ਹੈ, ਜਦੋਂ ਇੱਕ ਦਿਨ ’ਚ ਇੰਨੇ ਕੇਸ ਆਏ ਹੋਣ। ਦੂਸਰੇ ਪਾਸੇ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ’ਚ 5 ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚੋਂ 3 ਲੁਧਿਆਣਾ ਦੇ ਰਹਿਣ ਵਾਲੇ ਸਨ। ਇਨ੍ਹਾਂ ’ਚ ਇੱਕ 72 ਸਾਲਾਂ ਬਜ਼ੁਰਗ ਦੁੱਗਰੀ ਵਾਸੀ ਵਿਅਕਤੀ ਨੇ ਦੀਪ ਹਸਪਤਾਲ, ਪਿੰਡ ਮਾਛੀਆ ਕਲਾਂ ਵਾਸੀ 45 ਸਾਲਾਂ ਮਰਦ ਨੇ ਸੀਐੱਮਸੀ ਹਸਪਤਾਲ ਤੇ ਪਿੰਡ ਘੁੰਗਰਾਲੀ ਵਾਸੀ 82 ਸਾਲਾਂ ਬਜ਼ੁਰਗ ਨੇ ਐਸਪੀਐਸ ਹਸਪਤਾਲ ’ਚ ਦਮ ਤੋੜਿਆ। ਹੁਣ ਤੱਕ ਜ਼ਿਲ੍ਹੇ ’ਚ ਰਹਿਣ ਵਾਲੇ 1050 ਕਰੋਨਾ ਪੀੜਤਾਂ ਦੀ ਮੌਤ ਹੋ ਚੁੱਕੀ ਹੈ। ਜਦੋਂ ਕਿ ਦੂਸਰੇ ਜ਼ਿਲ੍ਹਿਆਂ ਦੇ ਰਹਿਣ ਵਾਲੇ 527 ਕਰੋਨਾ ਮਰੀਜ਼ਾਂ ਨੇ ਦਮ ਤੋੜਿਆ ਹੈ। ਜ਼ਿਲ੍ਹੇ ਦੇ ਰਹਿਣ ਵਾਲੇ 28636 ਲੋਕ ਹੁਣ ਤੱਕ ਕਰੋਨਾ ਪੀੜਤ ਪਾਏ ਜਾ ਚੁੱਕੇ ਹਨ, ਜਿਸ ਵਿੱਚੋਂ 26679 ਕਰੋਨਾ ਪੀੜਤ ਸਿਹਤਮੰਦ ਹੋ ਚੁੱਕੇ ਹਨ।